ਚੰਡੀਗੜ੍ਹ: ਪੰਜਾਬ ਦੇ ਜਾਏ ਤਜਿੰਦਰਪਾਲ ਤੂਰ ਨੇ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ ਆਪਣਾ ਹੀ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ।
RECORDS RAINING at #IGP 4 Patiala
Shot Putter @Tajinder_Singh3 crosses Olympic Qualification mark with a throw of 21.49m and breaks his own National Record. OQ- 21.10
He did it twice with another throw of 21.28m@KirenRijiju @kaypeem
— Athletics Federation of India (@afiindia) June 21, 2021
ਤੂਰ ਦੀ ਇਸ ਬੇਮਿਸਾਲ ਪ੍ਰਾਪਤੀ ‘ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਹੋਰਨਾਂ ਅਥਲੀਟਾਂ ਵਿਚ ਵਿਸ਼ਵਾਸ ਭਰਦਿਆਂ ਵਿਸ਼ਵ ਦੇ ਨਾਮੀ ਮੁਕਾਬਲੇਬਾਜ਼ਾਂ ‘ਤੇ ਜਿੱਤ ਦਿਵਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਤੂਰ ਨੇ ਇਸ ਪ੍ਰਾਪਤੀ ਨਾਲ ਸੁਲਤਾਨ ਅਬਦੁੱਲਮਜੀਦ ਅਲ-ਹੇਬਸ਼ੀ ਦੇ 21.13 ਮੀਟਰ ਦੇ ਏਸ਼ੀਅਨ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।
ਦੱਸ ਦਈਏ ਕਿ ਤਜਿੰਦਰਪਾਲ ਸਿੰਘ ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਪਿਤਾ ਦੇ ਕਹਿਣ ‘ਤੇ ਸ਼ਾਟ ਪੁੱਟ ਨੂੰ ਅਪਣਾਇਆ। ਇਸ ਤੋਂ ਪਹਿਲਾਂ ਉਹ ਕ੍ਰਿਕਟ ਨੂੰ ਸਮਰਪਿਤ ਸੀ। ਉਸ ਦੇ ਚਾਚਾ ਜੀ ਨੇ ਉਸ ਨੂੰ ਸ਼ੁਰੂਆਤ ਵਿੱਚ ਸਿਖਲਾਈ ਦਿੱਤੀ। ਉਸ ਦਾ ਪਹਿਲਾ ਕੌਮਾਂਤਰੀ ਤਮਗ਼ਾ 2017 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਆਇਆ, ਜਿਥੇ ਉਸ ਨੇ 19.77 ਦੇ ਥ੍ਰੋਅ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਤੂਰ ਨੇ 2018 ਏਸ਼ੀਅਨ ਖੇਡਾਂ ਵਿੱਚ 20.75 ਮੀਟਰ ਦੇ ਰਿਕਾਰਡ ਥਰੋਅ ਨਾਲ ਸੋਨ ਤਮਗ਼ਾ ਜਿੱਤਦਿਆਂ ਕੌਮੀ ਰਿਕਾਰਡ ਵੀ ਤੋੜ ਦਿੱਤਾ ਸੀ।