ਸਿਰਸਾ : ਜ਼ਿਲ੍ਹੇ ਦੇ ਡੇਰਾ ਜਗਮਾਲਵਾਲੀ ਦੇ ਮੁਖੀ ਬਹਾਦੁਰ ਚੰਦ ਵਕੀਲ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਇੱਕ ਸਾਲ ਤੋਂ ਬਿਮਾਰ ਸਨ। ਉਨ੍ਹਾਂ ਦਾ ਦਿੱਲੀ ਦੇ ਮੈਕਸ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜਗਮਾਲਵਾਲੀ ਡੇਰੇ ਵਿਖੇ ਰੱਖਿਆ ਜਾਵੇਗਾ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਸਵੇਰੇ ਕੀਤਾ ਜਾਵੇਗਾ। ਡੇਰਾ ਮੁਖੀ ਦੇ ਦਿਹਾਂਤ ਤੋਂ ਬਾਅਦ ਡੇਰੇ ਦਾ 3 ਤੋਂ 4 ਅਗਸਤ ਤੱਕ ਹੋਣ ਵਾਲਾ ਸਾਲਾਨਾ ਜੋੜ ਮੇਲਾ ਰੱਦ ਕਰ ਦਿੱਤਾ ਗਿਆ ਹੈ।
ਇੱਕ ਦਿਨ ਪਹਿਲਾਂ ਹੀ ਡੇਰਾ ਪ੍ਰਬੰਧਕਾਂ ਨੇ ਮਹਾਰਾਜ ਦੀ ਸਿਹਤ ਸਥਿਰ ਹੋਣ ਦੀ ਜਾਣਕਾਰੀ ਦਿੱਤੀ ਸੀ। ਬਹਾਦਰ ਚੰਦ ਮੂਲ ਰੂਪ ਵਿੱਚ ਚੌਟਾਲਾ ਪਿੰਡ ਦੇ ਵਸਨੀਕ ਸਨ। ਡੇਰੇ ਦੇ ਬਾਨੀ ਗੁਰਬਖਸ਼ ਸਿੰਘ ਮੈਨੇਜਰ ਸਾਹਿਬ ਦੀ ਵਸੀਅਤ ਅਨੁਸਾਰ ਉਨ੍ਹਾਂ ਨੇ ਬਹਾਦਰ ਚੰਦ ਵਕੀਲ ਸਾਹਿਬ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਸੀ ਪਰ ਵਕੀਲ ਸਾਹਿਬ ਤੋਂ ਬਾਅਦ ਡੇਰੇ ਦਾ ਵਾਰਿਸ ਕੌਣ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਹੈ। ਬਹਾਦਰ ਚੰਦ ਨੂੰ ਡੇਰੇ ਦਾ ਮੁਖੀ ਬਣਾਏ ਜਾਣ ਤੋਂ ਬਾਅਦ ਗੁਰਬਖਸ਼ ਸਿੰਘ ਦੇ ਪੁੱਤਰ ਰਘੁਬੀਰ ਸਿੰਘ ਨੇ ਖੁਸ਼ਪੁਰ ਗੋਰੀਵਾਲਾ ਵਿਖੇ ਨਵਾਂ ਡੇਰਾ ਸ਼ੁਰੂ ਕੀਤਾ, ਜਿਸ ਦਾ ਪ੍ਰਬੰਧ ਹੁਣ ਚੰਦ ਮਹਾਤਮਾ ਸੰਭਾਲ ਰਿਹਾ ਹੈ।
ਹੁਣ ਵਕੀਲ ਸਾਹਿਬ ਦੀ ਮੌਤ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਵਕੀਲ ਸਾਹਿਬ ਦੀ ਮ੍ਰਿਤਕ ਦੇਹ ਵੀਰਵਾਰ ਸਵੇਰੇ ਜਦੋਂ ਡੇਰੇ ਪਹੁੰਚੀ ਤਾਂ ਸਟੇਜ ‘ਤੇ ਉਨ੍ਹਾਂ ਦਾ ਡਰਾਈਵਰ ਵਰਿੰਦਰ ਸਿੰਘ ਬੈਠਾ ਸੀ। ਵਰਿੰਦਰ ਸਿੰਘ ਵਕੀਲ ਸਾਹਿਬ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਡੇਰੇ ਦਾ ਚਾਰਜ ਸੰਭਾਲ ਰਹੇ ਸਨ। ਉਸ ਨੂੰ ਸਟੇਜ ‘ਤੇ ਦੇਖ ਕੇ ਦਰਸ਼ਕ ਭੜਕ ਉੱਠੇ। ਜਿਵੇਂ ਹੀ ਸੰਗਤ ਨੂੰ ਪਤਾ ਲੱਗਾ ਕਿ ਡੇਰੇ ਦੀ ਗੱਦੀ ਵਰਿੰਦਰ ਸਿੰਘ ਕੋਲ ਜਾਣ ਵਾਲੀ ਹੈ ਤਾਂ ਸੰਗਤ ਨੇ ਵਿਰੋਧ ਕੀਤਾ। ਸੰਗਤ ਨੇ ਵਰਿੰਦਰ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ।