ਅਬੋਹਰ: ਪੰਜਾਬ ਭਰ ਵਿੱਚ ਭਾਰੀ ਮੀਂਹ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਸੰਕਟ ਦੀ ਇਸ ਘੜੀ ਵਿਚ ਬਾਂਹ ਫੜਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਇਨ੍ਹਾਂ ਕਿਸਾਨਾਂ ਨੂੰ ਖੁਦ ਮੁਆਵਜਾ ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਅਤੇ ਸੂਬਾ ਸਰਕਾਰ ਨੇ ਪਹਿਲੇ ਦਿਨ 40 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਵੰਡ ਕੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਮੀਂਹ ਕਾਰਨ ਹੋਏ ਫਸਲਾਂ ਅਤੇ ਘਰਾਂ ਨੁਕਸਾਨ ਲਈ ਮੁਆਵਜ਼ਾ ਵੰਡਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ 362 ਪਿੰਡਾਂ ਨੂੰ ਮੁਆਵਜ਼ੇ ਵਜੋਂ ਕੁੱਲ 12.94 ਕਰੋੜ ਰੁਪਏ ਵਿੱਚੋਂ 6 ਕਰੋੜ ਰੁਪਏ ਖੁਦ ਵੰਡੇ ਹਨ।
ਭਗਵੰਤ ਮਾਨ ਨੇ ਕਿਹਾ, “ਅੱਜ ਦੇ ਦਿਨ ਨੂੰ ਖੁਸ਼ੀ ਵਾਲਾ ਦਿਨ ਨਹੀਂ ਆਖਿਆ ਜਾ ਸਕਦਾ ਕਿਉਂਕਿ ਮੈਂ ਕੁਦਰਤ ਦੇ ਕਹਿਰ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਇੱਥੇ ਆਇਆ ਹਾਂ। ਸੰਕਟ ਦੀ ਇਸ ਘੜੀ ਵਿੱਚ ਪ੍ਰਭਾਵਿਤ ਹੋਏ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਤੁਹਾਡੀ ਸਰਕਾਰ ਦ੍ਰਿੜ ਵਚਨਬੱਧ ਹੈ।” ਇਸ ਵਾਰ ਦੀ ਗਿਰਦਾਵਰੀ ਵਿਚ ਪਿਛਲੀ ਸਰਕਾਰ ਦੇ ਮੁਕਾਬਲੇ ਫੈਸਲਾਕੁੰਨ ਪਰਿਵਰਤਨ ਹੋਇਆ ਹੈ ਕਿਉਂਕਿ ਪਹਿਲਾਂ ਸਿਰਫ਼ ਫੋਕੇ ਦਾਅਵੇ ਹੀ ਹੁੰਦੇ ਸਨ ਅਤੇ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਸੀ।
ਫ਼ਸਲ ਖ਼ਰਾਬੇ ਦੇ ਪੈਸੇ 20 ਦਿਨਾਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ‘ਚ ਪੈਣ ਲੱਗ ਪਏ…ਸਾਫ਼ ਨੀਅਤ ਨਾਲ ਸਭ ਸੰਭਵ ਹੈ…ਸਰਕਾਰਾਂ ਕੋਲ ਪੈਸੇ ਦੀ ਕਮੀ ਨੀ ਹੁੰਦੀ…ਲੋਕਾਂ ਲਈ ਹਮੇਸ਼ਾ ਦਿਲ ਖੁੱਲ੍ਹਾ ਰੱਖ ਕੇ ਕੰਮ ਹੁੰਦੇ ਨੇ ਤੇ ਬਿਹਤਰੀ ਲਈ ਸੋਚਿਆ ਜਾ ਸਕਦਾ ਹੈ…
ਸਾਡੇ ‘ਤੇ ਕੀਤੇ ਵਿਸ਼ਵਾਸ ਦਾ ਮੁੱਲ ਸਮੇਂ ਸਮੇਂ ‘ਤੇ ਮੋੜਦੇ ਰਹਾਂਗੇ… pic.twitter.com/dxwOSI7PvU
— Bhagwant Mann (@BhagwantMann) April 13, 2023
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦੀ ਮੁਆਵਜਾ ਰਾਸ਼ੀ ਵਿੱਚ 25 ਫੀਸਦੀ ਵਾਧਾ ਕੀਤਾ ਹੈ। ਜੇਕਰ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਜੇਕਰ ਨੁਕਸਾਨ 33 ਤੋਂ 75 ਫੀਸਦੀ ਤੱਕ ਹੁੰਦਾ ਹੈ ਤਾਂ ਕਿਸਾਨਾਂ ਨੂੰ 6800 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਵੀ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਘਰਾਂ ਦੇ ਥੋੜ੍ਹੇ-ਬਹੁਤ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਰਾਬੇ ਦੇ 20 ਦਿਨਾਂ ਦੇ ਅੰਦਰ ਮੁਆਵਜ਼ਾ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਦੀ ਕਿਸੇ ਵੀ ਸਰਕਾਰ ਨੇ ਇਸ ਬਾਰੇ ਭੋਰਾ ਚਿੰਤਾ ਨਹੀਂ ਕੀਤੀ। ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ, “ਪਿਛਲੀਆਂ ਸਰਕਾਰਾਂ ਦੌਰਾਨ ਮੁਆਵਜ਼ੇ ਵਿੱਚ ਏਨੀ ਦੇਰੀ ਹੋਈ ਸੀ ਕਿ ਜ਼ਿਆਦਾਤਰ ਮੰਤਰੀ ਅਤੇ ਵਿਧਾਇਕ ਇਹ ਭੁੱਲ ਹੀ ਜਾਂਦੇ ਸਨ ਕਿ ਉਹ ਕਿਹੜੀ ਫਸਲ ਦੇ ਮੁਆਵਜ਼ੇ ਦੇ ਚੈੱਕ ਵੰਡ ਰਹੇ ਹਨ। ਹੁਣ ਤੁਹਾਡੀ ਸਰਕਾਰ ਵਿਚ ਫਸਲ ਅਜੇ ਖੇਤਾਂ ਵਿੱਚ ਹੈ ਪਰ ਪੈਸਾ ਖਾਤਿਆਂ ਵਿਚ ਪਾ ਦਿੱਤਾ ਹੈ।”