ਮੁੰਬਈ : ਬੀਤੇ ਦਿਨ ਬੰਬੇ ਹਾਈਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਦੇ ਬਾਵਜੂਦ ਅੱਜ ਦੀ ਰਾਤ ਵੀ ਆਰੀਅਨ ਖ਼ਾਨ ਨੂੰ ਜੇਲ੍ਹ ‘ਚ ਹੀ ਬਿਤਾਉਣੀ ਹੋਵੇਗੀ। ਇਸ ਵੇਲੇ ਆਰੀਅਨ ਮੁਬੰਈ ਦੀ ਆਰਥਰ ਰੋਡ ਜੇਲ੍ਹ ‘ਚ ਬੰਦ ਹੈ।
ਹਾਸਲ ਜਾਣਕਾਰੀ ਆਰੀਅਨਾਂ ਦੇ ਰਿਲੀਜ਼ ਆਰਡਰ ਦੀ ਕਾਪੀ ਸ਼ਾਮ 5.30 ਵਜੇ ਤੱਕ ਜੇਲ੍ਹ ‘ਚ ਪਹੁੰਚਾਉਣੀ ਜ਼ਰੂਰੀ ਸੀ, ਪਰ ਅਜਿਹਾ ਨਾ ਹੋ ਸਕਿਆ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਦੇ ਅਧਿਕਾਰੀਆਂ ਨੇ 10 ਤੋਂ 15 ਮਿੰਟ ਤੱਕ ਦਾ ਇੰਤਜ਼ਾਰ ਵੀ ਕੀਤਾ ਸੀ, ਪਰ ਆਰੀਅਨ ਦੇ ਰਿਲੀਜ਼ ਆਰਡਰ ਦੀ ਕਾਪੀ ਲੈ ਕੇ ਵਕੀਲ ਮਾਨਸ਼ਿੰਦੇ ਸਮੇਂ ਤੇ ਜੇਲ੍ਹਨਹੀਂ ਪਹੁੰਚ ਸਕੇ। ਜਿਸ ਕਾਰਨ ਆਰੀਅਨ ਦੀ ਰਿਹਾਈ ਹੁਣ ਸ਼ਨੀਵਾਰ ਨੂੰ ਹੋਵੇਗੀ।
ਕਾਗਜ਼ੀ ਕਾਰਵਾਈ ਸਮੇਂ ਸਿਰ ਨਹੀਂ ਹੋਈ ਪੂਰੀ
ਦੱਸ ਦਈਏ ਕਿ ਵੀਰਵਾਰ ਨੂੰ ਬੰਬੇ ਹਾਈ ਕੋਰਟ ਤੋਂ ਡਰੱਗਸ ਕੇਸ ‘ਚ ਜ਼ਮਾਨਤ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਜੱਜ ਨਿਤਿਨ ਸਾਂਮਬੇ ਨੇ ਆਰੀਅਨ ਖ਼ਾਨ ਦਾ ਬੇਲ ਆਰਡਰ ਦੁਪਹਿਰ ਤੱਕ ਜਾਰੀ ਕਰ ਦਿੱਤਾ ਸੀ। ਜੇਲ੍ਹ ਤੋਂ ਰਿਹਾਈ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀ ਹੋਣ ਤੋਂ ਬਾਅਦ ਆਰੀਅਨ ਖ਼ਾਨ ਮੁੰਬਈ ਦੀ ਆਰਥਰ ਰੋਡ ਜੇਲ੍ਹ ਤੋਂ ਬਾਹਰ ਆਉਣ ਵਾਲਾ ਸੀ, ਪਰ ਕਾਗਜ਼ੀ ਕਾਰਵਾਈ ਸਮੇਂ ਸਿਰ ਪੂਰੀ ਨਹੀਂ ਹੋ ਸਕੀ ।
ਜੂਹੀ ਚਾਵਲਾ ਨੇ ਦਿੱਤੀ ਆਰੀਅਨ ਦੀ ਜ਼ਮਾਨਤ
ਦੱਸ ਦਈਏ ਕਿ ਆਰੀਅਨ ਨੂੰ ਇਕ ਲੱਖ ਰੁਪਏ ਦੇ ਮੁਚੱਲਕੇ ‘ਤੇ ਸ਼ਰਤੀਆ ਜ਼ਮਾਨਤ ਦਿੱਤੀ ਗਈ ਹੈ। ਅਦਾਕਾਰਾ ਤੇ ਸ਼ਾਹਰੁਖ ਖ਼ਾਨ ਦੀ ਕਰੀਬੀ ਦੋਸਤ ਜੂਹੀ ਚਾਵਲਾ ਆਰੀਅਨ ਵਲੋਂ ਜ਼ਮਾਨਤਦਾਰ ਬਣੀ।
ਕੋਰਟ ਦੀਆਂ ਸ਼ਰਤਾਂ ਮੁਤਾਬਕ ਆਰੀਅਨ ਨੂੰ ਹਰ ਸ਼ੁੱਕਰਵਾਰ ਨੂੰ ਐੱਨ.ਸੀ.ਬੀ. ਦਫ਼ਤਰ ਜਾਣਾ ਹੋਵੇਗਾ। ਇਹ ਕੋਰਟ ਦੀ ਕਾਰਵਾਈ ਨੂੰ ਲੈ ਕੇ ਕੋਈ ਬਿਆਨਬਾਜ਼ੀ ਵੀ ਨਹੀਂ ਕਰ ਸਕਣਗੇ। ਆਰੀਅਨ ਨੂੰ ਆਪਣਾ ਪਾਸਪੋਰਟ ਜਮਾਂ ਕਰਵਾਉਣਾ ਹੋਵੇਗਾ।