ਮਲੋਟ – ਬੀਜੇਪੀ ਵਿਧਾਇਕ ਅਰੁਣ ਨਾਰੰਗ ਨਾਲ ਭੀੜ ਵੱਲੋਂ ਕੀਤੀ ਗਈ ਬਦਸਲੂਕੀ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ‘ਤੇ ਕਿਸਾਨ ਜਥੇਬੰਦੀਆਂ ਨੇ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਨੇ 7 ਕਿਸਾਨ ਲੀਡਰਾਂ ਸਮੇਤ 300 ਅਣਪਛਾਤਿਆਂ ਖਿਲਾਫ਼ ਧਾਰਾ 307/ 353/ 186/ 188/ 332/ 342/ 506/ 148/ 149 ਤਹਿਤ ਮਾਮਲਾ ਦਰਜ ਕੀਤਾ ਹੈ। ਜਿਸ ਨੂੰ ਰੱਦ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਕਿਸਾਨ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਚੌਕ (ਬਠਿੰਡਾ ਚੌਕ) ਮਲੋਟ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦਰਜ ਕੀਤੇ ਗਏ ਪਰਚਿਆਂ ਨੂੰ ਰੱਦ ਕਰਵਾਉਣ ਲਈ ਰੋਸ ਧਰਨੇ ‘ਤੇ ਬੈਠੀਆਂ ਹੋਈਆਂ ਹਨ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਰੁਣ ਨਾਰੰਗ ਮਾਮਲੇ ਵਿੱਚ ਦਰਜ ਕੀਤੇ ਗਏ ਪਰਚਿਆਂ ਵਿੱਚ ਬੇਲੋੜੀਆਂ ਧਾਰਾਵਾਂ ਲਾ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀਆਂ ਧਾਰਾਵਾਂ ਲਗਾ ਕੇ ਮਾਮਲੇ ਦਰਜ ਕਰਨ ਨਾਲ ਮਾਹੌਲ ਤਣਾਅ ਵਾਲਾ ਬਣਾ ਸਕਦਾ ਹੈ। ਕਿਉਂਕਿ ਸਾਰਾ ਦੇਸ਼ ਜਾਣਾ ਹੈ ਕਿ ਕਿਸਾਨ ਪਿਛਲੇ 4 ਮਹੀਨਿਆਂ ਤੋਂ ਖੇਤੀ ਕਾਨੂੰਨ ਖਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਰ ਕੇਂਦਰ ਸਰਕਾਰ ਦੇ ਸਿਰ ‘ਤੇ ਜੰੂ ਨਹੀਂ ਸਰਕ ਰਹੀ। ਕਿਸਾਨਾਂ ਦੇ ਵਿੱਚ ਵੀ ਰੋਸ ਹੈ ਜੋ ਲਗਾਤਾਰ ਵੱਧਦਾ ਜਾ ਰਿਹਾ ਹੈ। ਅਜਿਹੇ ਵਿੱਚ ਬੀਜੇਪੀ ਲੀਡਰਾਂ ਦੀ ਵੀ ਵੱਡੀ ਗਲ਼ਤੀ ਹੈ ਜੋ ਘਰੋਂ ਬਾਹਰ ਨਿਕਲ ਕੇ ਸਮਾਗਮਾਂ ਵਿੱਚ ਜਾ ਰਹੇ ਹਨ। ਇਸ ਲਈ ਮਲੋਟ ਮਾਮਲੇ ਵਿੱਚ ਬੇਲੋੜੀਆਂ ਧਾਰਾਵਾਂ ਜੋੜ ਕੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ।