Artificial Chameleon Skin ਵਿਗਿਆਨੀਆਂ ਨੇ ਇੱਕ ਅਜਿਹੀ ਚੀਜ ਤਿਆਰ ਕਰ ਲਈ ਹੈ, ਜਿਸ ਨਾਲ ਤੁਸੀ ਬੜੇ ਆਰਾਮ ਨਾਲ ਆਪਣੇ ਕੱਪੜਿਆਂ ਦਾ ਰੰਗ ਬਦਲ ਸਕੋਗੇ। ਇਸ ਤਕਨੀਕ ਦੀ ਸਹਾਇਤਾ ਨਾਲ ਤੁਸੀ ਆਪਣੀਆਂ ਕਾਰਾਂ ਦੇ ਰੰਗ ਨੂੰ ਵੀ ਜਦੋਂ ਮਨ ਕਰੇ ਉਦੋਂ ਬਦਲ ਸਕੋਗੇ। ਇਸ ਦੇ ਨਾਲ ਹੀ ਇਮਾਰਤਾਂ ਤੇ ਸੜ੍ਹਕਾਂ ‘ਤੇ ਲੱਗੇ ਹੋਰਡਿੰਗਸ ਦੇ ਵੀ ਰੰਗ ਬਦਲੇ ਜਾ ਸਕਣਗੇ।
ਵਿਗਿਆਨੀਆਂ ਨੇ ਇਸ ਤਕਨੀਕ ਦੀ ਖੋਜ ‘ਚ ਗਿਰਗਟ ਦੀ ਸਹਾਇਤਾ ਲਈ ਹੈ ਉਨ੍ਹਾਂ ਨੇ ਗਿਰਗਟ ਦੇ ਰੰਗ ਬਦਲਣ ਦੇ ਅਸਲੀ ਕਾਰਨਾ ਦੀ ਖੋਜ ਕੀਤੀ। ਹੁਣ ਤੱਕ ਇਹ ਮੰਨਿਆ ਜਾਂਦਾ ਸੀ ਕਿ ਗਿਰਗਟ ਦੀ ਚਮੜੀ ‘ਚ ਰੰਗ ( ਪਿਗਮੇਂਟ ) ਹੁੰਦੇ ਹਨ ਜੋ ਰੰਗ ਬਦਲਦੇ ਹਨ। ਪਰ ਜਾਂਚ ਦੇ ਦੌਰਾਨ ਕੈਂਬਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਪਤਾ ਚੱਲਿਆ ਕਿ ਮਾਮਲਾ ਸਿਰਫ਼ ਰੰਗ ਦਾ ਨਹੀਂ ਹੈ, ਸਗੋਂ ਇਸ ਦੇ ਪਿੱਛੇ ਪੂਰੀ ਸਰੀਰਕ ਪ੍ਰਕਿਰਿਆ ਹੁੰਦੀ ਹੈ। ਉਨ੍ਹਾਂ ਨੇ ਪਾਇਆ ਕਿ ਗਿਰਗਟ ਮਾਹੌਲ ਦੇ ਹਿਸਾਬ ਨਾਲ ਪਹਿਲਾਂ ਹਰੇ ਤੋਂ ਪੀਲਾ ਜਾਂ ਨਾਰੰਗੀ ਤੇ ਨੀਲੇ ਤੋਂ ਸਫੈਦ ਹੁੰਦਾ ਹੈ, ਇਸ ਤੋਂ ਬਾਅਦ ਉਹ ਕਾਲ਼ਾ ਪੈਣ ਲੱਗਦਾ ਹੈ ।
ਵਿਗਿਆਨੀਆਂ ਨੇ ਗਿਰਗਟ ਦੀ ਚਮੜੀ ਵਰਗਾ ਪ੍ਰਭਾਵ ਪੈਦਾ ਕਰਨ ਵਾਲਾ ਫੋਟੋਨਿਕ ਮੈਟਾਸਟਰਕਚਰ ਬਣਾਉਣ ‘ਚ ਸਫਲਤਾ ਹਾਸਲ ਕਰ ਲਈ ਹੈ। ਇਹ ਬਿਲਕੁੱਲ ਗਿਰਗਟ ਦੀ ਚਮੜੀ ਦੀ ਤਰ੍ਹਾਂ ਕੰਮ ਕਰੇਗੀ। ਇਸ ਤਕਨੀਕ ‘ਚ ਮਨੁੱਖ ਦੇ ਬਾਲ ਨਾਲੋਂ ਹਜ਼ਾਰ ਗੁਣਾ ਪਤਲੇ ਸਿਲੀਕਾਨ ਫਿਲਮ ਦੇ ਰੇਸ਼ੇ ਦਾ ਪ੍ਰਯੋਗ ਕੀਤਾ ਗਿਆ ਹੈ । ਇਸ ਦਾ ਹਰ ਰੇਸ਼ਾ ਪ੍ਰਕਾਸ਼ ਨੂੰ ਵੱਖ – ਵੱਖ ਵੈਬਲੈਂਥ ‘ਤੇ ਪ੍ਰਤੀਬਿੰਬਿਤ ਕਰਦਾ ਹੈ, ਯਾਨੀ ਵੱਖ – ਵੱਖ ਰੰਗ ਦਾ ਦਿਸਦਾ ਹੈ। ਇਸ ਲਈ ਇਸ ਰੇਸ਼ੇ ਨੂੰ ਢਿੱਲਾ ਛੱਡ ਕੇ ਜਾਂ ਕਸ ਕੇ ਵੱਖ-ਵੱਖ ਤਰ੍ਹਾਂ ਦੇ ਰੰਗਾਂ ਦਾ ਪ੍ਰਭਾਵ ਪੈਦਾ ਕੀਤਾ ਜਾ ਸਕਦਾ ਹੈ।
ਹਾਲਾਂਕਿ ਹੁਣ ਇਸ ਤਕਨੀਕ ਦੇ ਇਸਤੇਮਾਲ ‘ਚ ਆਉਣ ਨੂੰ ਕਾਫ਼ੀ ਸਮਾਂ ਲੱਗੇਗਾ, ਕਿਉਂਕਿ ਇਹ ਹਾਲੇ ਸ਼ੁਰੂਆਤੀ ਦੌਰ ਵਿੱਚ ਹੈ ਪਰ ਉਹ ਦਿਨ ਦੂਰ ਨਹੀਂ ਹੈ ਜਦੋਂ ਸਾਡੇ ਆਸਪਾਸ ਦੇ ਲੋਕ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਦਿਖਣਗੇ।
Artificial Chameleon Skin