ਚੰਡੀਗੜ੍ਹ: ਬੀਤੀ 19 ਜਨਵਰੀ ਨੂੰ ਆਪਣੀ ਪਤਨੀ ‘ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਫਰਾਰ ਚੱਲ ਰਹੇ ਪੰਜਾਬ ਪੁਲਿਸ ਦੇ ਮੁਅੱਤਲ ਡੀਐੱਸਪੀ ਅਤੁਲ ਸੋਨੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਮੁਹਾਲੀ ਅਦਾਲਤ ਵੱਲੋਂ ਅਤੁਲ ਸੋਨੀ ਦਾ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਹਨ।
ਕੋਰਟ ਨੇ 30 ਮਾਰਚ ਤੱਕ ਅਤੁਲ ਸੋਨੀ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ਇਸ ਗੱਲ ਦੀ ਪੁਸ਼ਟੀ ਐਸਪੀ ਹਰਮਨਦੀਪ ਹੰਸ ਨੇ ਕੀਤੀ ਹੈ। ਪੁਲਿਸ ਨੇ ਹਰਮਨਦੀਪ ਹੰਸ ਦੀ ਅਗਵਾਈ ਹੇਠ ਬੁੱਧਵਾਰ ਦੇਰ ਸ਼ਾਮ ਅਤੁਲ ਸੋਨੀ ਦੇ ਘਰ ‘ਤੇ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਤੁਲ ਸੋਨੀ ਦੀ ਲੋਕੇਸ਼ਨ ਲਗਾਤਾਰ ਟਰੇਸ ਕੀਤੀ ਜਾ ਰਹੀ ਹੈ।
ਅਤੁਲ ਸੋਨੀ 82 ਬਟਾਲੀਅਨ (ਪੀਏਪੀ) ਚੰਡੀਗੜ੍ਹ ‘ਚ ਤਾਇਨਾਤ ਹੋਣ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ‘ਚ ਬਤੌਰ ਡੀਐੱਸਪੀ ਦੇ ਅਹੁਦੇ ‘ਤੇ ਤਾਇਨਾਤ ਸਨ। ਸੋਨੀ ਨੇ ਅਦਾਲਤ ‘ਚ ਅਗਾਊਂ ਜ਼ਮਾਨਤ ਲਈ ਪਟੀਸ਼ਨ ਵੀ ਪਾਈ ਸੀ, ਜੋ ਕਿ ਅਦਾਲਤ ਵਲੋਂ ਖਾਰਜ ਕਰ ਦਿੱਤੀ ਗਈ ਸੀ। ਡੀ.ਐਸ.ਪੀ. ਅਤੁਲ ਸੋਨੀ ਖਿਲਾਫ ਉਸ ਦੀ ਪਤਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਬੀਤੀ 19 ਜਨਵਰੀ ਨੂੰ ਸੈਂਟਰਲ ਥਾਣਾ ਫੇਜ਼-8 ਖਿਲਾਫ ਧਾਰਾ 307, 323, 498ਏ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਅਤੁਲ ਸੋਨੀ ਨੇ ਉਸ ‘ਤੇ ਗੋਲੀ ਚਲਾ ਦਿੱਤੀ ਸੀ। ਹਾਲਾਂਕਿ ਇਸ ਘਟਨਾ ਦੌਰਾਨ ਉਸ ਦੀ ਪਤਨੀ ਦਾ ਬਚਾਅ ਹੋ ਗਿਆ ਸੀ ਤੇ ਅਤੁਲ ਸੋਨੀ ਦੀ ਪਤਨੀ ਨੇ ਆਪਣੀ ਸ਼ਿਕਾਇਤ ਵੀ ਵਾਪਿਸ ਲੈ ਲਈ ਸੀ। ਹਾਲਾਂਕਿ ਪੁਲੀਸ ਹੁਣ ਤੱਕ ਅਤੁਲ ਸੋਨੀ ਨੂੰ ਗ੍ਰਿਫਤਾਰ ਕਰਨ ‘ਚ ਅਸਫਲ ਰਹੀ ਹੈ।