ਨਵੀਂ ਦਿੱਲੀ : ਆਈਪੀਐਲ ਸੀਜ਼ਨ 2021 ਦੇ ਲਈ ਬੋਲੀ ਲਗਾਈ ਗਈ। ਜਿਸ ਵਿੱਚ ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਬਣੇ ਹਨ। ਕ੍ਰਿਸ ਮੌਰਿਸ ਨੂੰ ਰਾਜਸਥਾਨ ਰੌਇਲਜ਼ ਨੇ 16 ਕਰੋੜ 25 ਲੱਖ ਰੁਪਏ ‘ਚ ਖਰੀਦਿਆ ਹੈ। ਇਸ ਬੋਲੀ ਵਿਚ ਹਰ ਇਕ ਦੀ ਨਜ਼ਰ ਸਚਿਨ ਤੇਂਦੁਲਕਰ ਦੇ ਲੜਕੇ ਅਰਜੁਨ ਤੇਂਦੁਲਕਰ ‘ਤੇ ਟਿਕੀ ਹੋਈ ਸੀ।
ਅਰਜੁਨ ਦੀ ਨਿਲਾਮੀ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਵੀ ਲਗਾਏ ਜਾ ਰਹੇ ਸਨ। ਆਖ਼ਰਕਾਰ ਬੋਲੀ ਦੇ ਆਖ਼ਰ ਵਿਚ ਅਰਜੁਨ ਦੇ ਨਾਮ ਦਾ ਐਲਾਨ ਕੀਤਾ ਗਿਆ ਅਤੇ ਮੁੰਬਈ ਇੰਡੀਅਨਜ਼ ਨੇ ਪਹਿਲੀ ਬੋਲੀ ਲਗਾਈ। ਮੁੰਬਈ ਇੰਡੀਅਨਜ਼ ਦੇ ਬੋਲੀ ਲਗਾਉਣ ਤੋਂ ਬਾਅਦ ਕਿਸੇ ਦੂਸਰੀ ਟੀਮ ਨੇ ਅਰਜੁਨ ਨੂੰ ਖਰੀਦਣ ‘ਚ ਦਿਲਚਸਪੀ ਨਹੀਂ ਦਿਖਾਈ। ਜਿਸ ਕਰਕੇ ਅਰਜੁਨ ਤੇਂਦੁਲਕਰ ਆਪਣੇ ਬੇਸ ਪ੍ਰਾਈਜ਼ 20 ਲੱਖ ‘ਤੇ ਹੀ ਵਿਕੇ ਅਤੇ ਮੁੰਬਈ ਟੀਮ ਵਿੱਚ ਸ਼ਾਮਲ ਹੋ ਗਏ।
ਦੇਖਿਆ ਜਾਵੇ ਤਾਂ ਅਰਜੁਨ ਪਹਿਲਾਂ ਵੀ ਮੁੰਬਈ ਇੰਡੀਅਨਜ਼ ਨੂੰ ਸਪੋਰਟ ਕਰਦੇ ਦਿਖਾਈ ਦਿੰਦੇ ਸਨ। ਆਈਪੀਐਲ ਦੀ ਇਸ ਬੋਲੀ ਵਿਚ ਪੰਜਾਬ ਦੀ ਟੀਮ ਨੇ ਸਭ ਤੋਂ ਵੱਧ 9 ਖਿਡਾਰੀਆਂ ਨੂੰ ਖਰੀਦਿਆ ਜਦੋਂਕਿ ਦਿੱਲੀ ਕੈਪਿਟਲਸ ਅਤੇ ਰਾਜਸਥਾਨ ਰੌਇਲਜ਼ ਨੇ ਅੱਠ-ਅੱਠ ਖਿਡਾਰੀਆਂ ਨੂੰ ਖਰੀਦ ਕੇ ਆਪਣੀ ਟੀਮ ‘ਚ ਸ਼ਾਮਲ ਕੀਤਾ।