ਚੰਡੀਗੜ੍ਹ : ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਪੰਜਾਬ ਦੇ ਬਿਜਲੀ ਵਿਭਾਗ ਨੂੰ ਪੱਤਰ ਸੌਂਪਦਿਆਂ ਮੰਗ ਕੀਤੀ ਹੈ ਕਿ ਪੀਐਸਪੀਸੀਐਲ ਵੱਲੋਂ ਨੌਕਰੀਆਂ ਵਿਚ ਭਰਤੀ ਕਰਨ ਲਈ ਲਏ ਜਾਂਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰ ਪੰਜਾਬੀ ਵਿਚ ਤਿਆਰ ਕੀਤੇ ਜਾਣ।
ਇਸ ਮੌਕੇ ਸਾਂਝੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਸੰਸਥਾ ਦੇ ਸਹਾਇਕ ਸੰਚਾਲਕ ਮਹਿੰਦਰ ਸਿੰਘ ਸੇਖੋਂ, ਹਰਬਖਸ਼ ਸਿੰਘ ਗਰੇਵਾਲ ਅਤੇ ਮਿੱਤਰ ਸੈਨ ਮੀਤ ਨੇ ਪੰਜਾਬ ਦੇ ਬਿਜਲੀ ਵਿਭਾਗ ਪੀਐਸਪੀਸੀਐਲ ਦੇ ਚੇਅਰਮੈਨ ਨੂੰ ਸੌਂਪੇ ਗਏ ਪੱਤਰ ‘ਚ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 3 ਰਾਹੀਂ ਪੰਜਾਬੀ ਨੂੰ ਦਿੱਤੇ ਰਾਜ ਭਾਸ਼ਾ ਦਾ ਦਰਜੇ ਦਾ ਹਵਾਲਾ ਦਿੰਦਿਆਂ ਵਿਭਾਗ ਵੱਲੋਂ ਨੌਕਰੀਆਂ ਵਿਚ ਭਰਤੀ ਕਰਨ ਲਈ ਲਏ ਜਾਂਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰ ਪੰਜਾਬੀ ਵਿਚ ਤਿਆਰ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੰਗ ਪੱਤਰ ਦੀ ਇਕ-ਇਕ ਕਾਪੀ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਬਿਜਲੀ ਵਿਭਾਗ ਦੇ ਮੰਤਰੀ ਅਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਵੀ ਸੌਂਪੀ ਗਈ।
ਉਨ੍ਹਾਂ ਦੱਸਿਆ ਕਿ ਪੰਜਾਬੀ ਨੂੰ ਪੰਜਾਬ ਰਾਜ ਭਾਸ਼ਾ ਐਕਟ 1967 ਦੀ ਧਾਰਾ 3 ਰਾਹੀਂ ਪੰਜਾਬ ਭਾਸ਼ਾ ਨੂੰ ਪੰਜਾਬ ਦੇ ਸਾਰੇ ਦਫ਼ਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ ਅਤੇ ਲੋਕਲ ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਵਿਚ ਸਾਰਾ ਕੰਮ ਕਾਜ ਪੰਜਾਬੀ ਵਿਚ ਕੀਤੇ ਜਾਣ ਦਾ ਫਰਮਾਨ ਹੈ। ਉਨ੍ਹਾਂ ਇਸੇ ਐਕਟ ਦੇ ਹਵਾਲੇ ਰਾਹੀਂ ਬਿਜਲੀ ਵਿਭਾਗ ਤੋਂ ਨੌਕਰੀਆਂ ਲਈ ਲਏ ਜਾਂਦੇ ਇਮਿਤਿਹਾਨ ਨੂੰ ਪੰਜਾਬੀ ਵਿਚ ਤਿਆਰ ਕਰਨ ਦੀ ਅਪੀਲ ਕੀਤੀ।
ਰਿਪੋਰਟ : ਅਵਤਾਰ ਸਿੰਘ