ਵਾਸ਼ਿੰਗਟਨ/ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਲਗਾਤਾਰ ਤੇਜੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਭਾਰਤ ‘ਚ ਹਾਲਾਤ ਵਿਗੜ ਰਹੇ ਹਨ। ਬੀਤੇ ਲਗਭਗ 1 ਹਫਤੇ ਤੋਂ ਹਰ ਦਿਨ 3 ਲੱਖ ਤੋਂ ਜ਼ਿਆਦਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਕੋਰੋਨਾ ‘ਤੇ ਰਿਸਰਚ ਕਰ ਰਹੇ ਅਮਰੀਕੀ ਡਾਕਟਰ ਐਂਥਨੀ ਫਾਊਚੀ ਨੇ ਭਾਰਤ ਨੂੰ ਵਾਇਰਸ ਨਾਲ ਨਜਿੱਠਣ ਲਈ ਸੁਝਾਅ ਦਿੱਤੇ ਹਨ।
ਐਂਥਨੀ ਫਾਊਚੀ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਹਫ਼ਤਿਆਂ ਦੀ ਤਾਲਾਬੰਦੀ ਲਾਗੂ ਕਰਨ ਦੀ ਸਲਾਹ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਆਕਸੀਜਨ, ਦਵਾਈਆਂ ਅਤੇ ਪੀ.ਪੀ.ਈ. ਕਿੱਟ ਦੀ ਉਲੱਬਧਤਾ ਵਧਾਉਣਾ ਦੂਜੀ ਮਹੱਤਵਪੂਰਨ ਜ਼ਰੂਰਤ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੰਕਟ ਨੂੰ ਦੇਖਦਿਆਂ ਭਾਰਤ ਨੂੰ ਬੈਠਕਾਂ ਕਰ ਕੇ ਚੀਜਾਂ ਨੂੰ ਸੰਗਠਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਈ ਜਾਵੇ।
ਫਾਊਚੀ ਨੇ ਕਿਹਾ, ‘ਲਾਕਡਾਊਨ ਦੀ ਬਹੁਤ ਜ਼ਰੂਰਤ ਹੈ ਤੇ ਇਹ ਨਹੀਂ ਹੈ ਕੀ ਤੁਸੀਂ ਦੇਸ਼ ਨੂੰ 6 ਮਹੀਨੇ ਲਈ ਬੰਦ ਕਰ ਦਵੋ, ਪਰ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਅਸਥਾਈ ਰੂਪ ਨਾਲ ਬੰਦ ਕੀਤਾ ਜਾ ਸਕਦਾ ਹੈ।’