ਵਾਸ਼ਿੰਗਟਨ : ਅਮਰੀਕਾ ਅਤੇ ਚੀਨ ‘ਚ ਤਣਾਅ ਹੋਰ ਵੱਧਦਾ ਜਾ ਰਿਹਾ ਹੈ। ਇਸ ਤਣਾਅ ਦੇ ਮੱਦੇਨਜ਼ਰ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੁਕਮਾਂ ਤਹਿਤ 1,000 ਤੋਂ ਵੱਧ ਚੀਨੀ ਵਿਦਿਆਰਥੀਆਂ ਅਤੇ ਖੋਜਕਾਰਾਂ ਦਾ ਅਮਰੀਕੀ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। 1,000 ਤੋਂ ਵੱਧ ਚੀਨੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਦੀ ਕਾਰਵਾਈ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਫੈਸਲਾ 29 ਮਈ ਦੇ ਰਾਸ਼ਟਰ਼ਪਤੀ ਅਹੁਦੇ ਦੀ ਘੋਸ਼ਣਾ ਦੇ ਤਹਿਤ ਲਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਅਨੁਸੰਧਾਨ ਨਾਲ ਜੁੜੀਆਂ ਜਾਣਕਾਰੀਆਂ ਨੂੰ ਚੋਰੀ ਕਰਨ ਤੋਂ ਰੋਕਿਆ ਜਾ ਸਕੇ।
ਉਧਰ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਝਆਨ ਨੇ ਅਮਰੀਕਾ ਦੇ ਇਸ ਕਦਮ ਨੂੰ ਸਿਆਸੀ ਸ਼ੋਸ਼ਣ ਅਤੇ ਨਸਲੀ ਭੇਦਭਾਵ ਦੱਸਿਆ ਹੈ। ਇਸ ਦੇ ਨਾਲ ਹੀ ਚੀਨ ਨੇ ਇਸ ਕਾਰਵਾਈ ਨੂੰ ਮਨੁੱਖੀ ਅਧਿਕਾਰਾਂ ਦਾ ਉਲੰਘਣ ਦੱਸਦੇ ਹੋਏ ਜਵਾਬੀ ਕਾਰਵਾਈ ਦੀ ਵੀ ਗੱਲ ਕਹੀ ਹੈ।
ਅਮਰੀਕੀ ਗ੍ਰਹਿ ਮੰਤਰਾਲੇ ਦੇ ਹੋਮਲੈਂਡ ਸਕਿਓਰਿਟੀ ਦੇ ਕਾਰਜਕਾਰੀ ਮੁਖੀ ਚੇਡ ਵੋਲਫ ਨੇ ਕਿਹਾ ਕਿ ਅਮਰੀਕਾ ਨੇ ਚੀਨ ਦੇ ਖ਼ੁਫ਼ੀਆ ਵਿਭਾਗ ਜਾਂ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸਬੰਧਤ ਵਿੱਦਿਅਕ ਸੰਸਥਾਨਾਂ ਨਾਲ ਜੁੜੇ ਬੀਏ ਦੇ ਵਿਦਿਆਰਥੀਆਂ ਅਤੇ ਖੋਜਕਾਰਾਂ ਦੇ ਵੀਜ਼ੇ ਰੱਦ ਕਰਨ ਦੇ ਕਈ ਮਹੀਨੇ ਪੁਰਾਣੇ ਪ੍ਰਸਤਾਵ ‘ਤੇ ਵਿਚਾਰ ਕਰਦੇ ਹੋਏ ਇਹ ਫ਼ੈਸਲਾ ਲਿਆ ਹੈ। ਚੇਡ ਵੋਲਫ ਨੇ ਚੀਨ ‘ਤੇ ਅਨਿਆਂ ਪੂਰਨ ਵਪਾਰ ਵਿਵਹਾਰ, ਉਦਯੋਗਿਕ ਜਾਸੂਸੀ ਅਤੇ ਕੋਰੋਨਾ ਰਿਸਰਚ ਦੀ ਜਾਣਕਾਰੀ ਚੋਰੀ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਚੀਨ ਅਮਰੀਕਾ ਵੱਲੋਂ ਚੀਨੀ ਵਿਦਿਆਰਥੀਆਂ ਨੂੰ ਦਿੱਤਾ ਜਾ ਰਹੇ ਵੀਜ਼ਾ ਦੀ ਦੁਰਵਰਤੋਂ ਕਰ ਰਿਹਾ ਹੈ।
ਫਿਲਹਾਲ ਅਮਰੀਕਾ ਵਿਚ ਕੁਲ 3,60,000 ਚੀਨੀ ਨਾਗਰਿਕ ਅਧਿਐਨ ਕਰਦੇ ਹਨ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ 8 ਸਤੰਬਰ, 2020 ਤੱਕ ਰਾਸ਼ਟਰਪਤੀ ਦੇ ਐਲਾਨ 10,043 ਦੇ ਅਧੀਨ ਪਾਏ ਗਏ ਇਕ ਹਜ਼ਾਰ ਤੋਂ ਜ਼ਿਆਦਾ ਵੀਜ਼ੇ ਰੱਦ ਕੀਤੇ ਗਏ ਹਨ।