ਵਰਲਡ ਡੈਸਕ – ਅਮਰੀਕਾ ਦੇ ਕੈਲੀਫੋਰਨੀਆ ‘ਚ ਸੈਨ ਡਿਏਗੋ ਜੁ ਸਫਾਰੀ ਪਾਰਕ ‘ਚ ਦੋ ਗੋਰੀਲਾ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਸਫਾਰੀ ਪਾਰਕ ਦੇ ਕਾਰਜਕਾਰੀ ਨਿਰਦੇਸ਼ਕ ਲੀਜ਼ਾ ਪੀਟਰਸਨ ਨੇ ਕਿਹਾ ਕਿ ਦੋਵੇਂ ਗੋਰੀਲਾ ਨੂੰ ਖੰਘ ਤੇ ਸਾਹ ਦੀ ਸਮੱਸਿਆ ਹੈ।
ਦੱਸ ਦਈਏ ਕਿ ਜੁਲਾਈ 2020 ‘ਚ ਮਿਆਮੀ ਚਿੜੀਆਘਰ ‘ਚ 196 ਕਿਲੋ ਦੀ ਬਿਮਾਰ ਗੋਰੀਲਾ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜਿਸ ‘ਚ ਇਹ ਗੋਰੀਲਾ ਸਕਾਰਾਤਮਕ ਪਾਇਆ ਗਿਆ ਸੀ। ਚਿੜੀਆਘਰ ਦੇ ਅਧਿਕਾਰੀਆਂ ਅਨੁਸਾਰ ਸ਼ਾਂਗੋ ਨਾਮੀ ਇੱਕ 31 ਸਾਲਾ ਗੋਰੀਲਾ ਦੀ ਕੁਝ ਦਿਨ ਪਹਿਲਾਂ ਹੀ ਉਸਦੇ 26 ਸਾਲਾ ਭਰਾ ਬਾਰਨੀ ਨਾਲ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਸ਼ੈਂਗੋ ਨੂੰ ਬੁਖਾਰ ਹੋ ਗਿਆ, ਜਿਸ ਕਰਕੇ ਸ਼ਾਂਗੋ ਦੀ ਕੋਰੋਨਾ ਜਾਂਚ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਜਾਨਵਰਾਂ ‘ਚ ਕੋਰੋਨਾ ਦੀ ਲਾਗ ਦੇ ਸਿਰਫ ਕੁਝ ਹੀ ਕੇਸ ਸਾਹਮਣੇ ਆਏ ਹਨ। ਅਗਸਤ 2020
‘ਚ, ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਕ ਅਧਿਐਨ ‘ਚ ਦਾਅਵਾ ਕੀਤਾ ਕਿ ਜਾਨਵਰਾਂ ਦੀਆਂ ਕਈ ਕਿਸਮਾਂ ਕੋਰੋਨਾ ਮਹਾਂਮਾਰੀ ਨਾਲ ਪ੍ਰਭਾਵਿਤ ਹੋ ਸਕਦੀਆਂ ਹਨ। ਅਧਿਐਨ ਦੇ ਅਨੁਸਾਰ, ਇਨਸਾਨ ਇਕੋ ਇਕ ਪ੍ਰਜਾਤੀ ਨਹੀਂ ਹੈ ਜੋ ਕੋਵਿਡ -19 ਮਹਾਂਮਾਰੀ ਦੁਆਰਾ ਹੋਣ ਵਾਲੇ ਕੋਰੋਨਾ ਵਾਇਰਸ ਦੇ ਸੰਭਾਵਿਤ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ, ਪਰੰਤੂ ਜਾਨਵਰਾਂ ਦੀਆਂ ਕਈ ਕਿਸਮਾਂ ਨੂੰ ਵੀ ਵਧੇਰੇ ਖ਼ਤਰਾ ਹੈ।
ਕਈ ਨਾਜ਼ੁਕ ਖ਼ਤਰੇ ਵਾਲੀਆਂ ਪ੍ਰਜਾਤੀਆਂ ਜਿਵੇਂ ਪੱਛਮੀ ਗੋਰੀਲਾ, ਓਰੰਗੁਟਨ, ਅਤੇ ਗਲ੍ਹ ਦੇ ਚਿੱਟੇ ਵਾਲਾਂ ਵਾਲਾ ਕਾਲਾ ਲੰਗੂਰ ਵਾਇਰਸ ਨਾਲ ਸੰਕਰਮਿਤ ਹੋ ਸਕਦਾ ਹੈ। ਸਮੁੰਦਰੀ ਜੀਵ ਥਣਧਾਰੀ ਜਿਵੇਂ ਕਿ ਸਲੇਟੀ ਵ੍ਹੇਲ ਤੇ ਬਾਟਲਨੋਜ਼ ਡੌਲਫਿਨ ਦੇ ਨਾਲ ਨਾਲ ਚੀਨੀ ਹੈਮਸਟਰਾਂ ‘ਚ ਵੀ ਕੋਰੋਨਾ ਵਾਇਰਸ ਦਾ ਖ਼ਤਰਾ ਹੈ।