-ਅਵਤਾਰ ਸਿੰਘ
ਪੰਜਾਬ ਦੇ ਨਾਮਵਰ ਗਾਇਕ ਸਰਦੂਲ ਸਿਕੰਦਰ (60) ਜਿਨ੍ਹਾਂ ਨੂੰ ਸੁਰਾਂ ਦਾ ਸਿਕੰਦਰ ਵੀ ਕਿਹਾ ਜਾਂਦਾ ਹੈ, ਦੀ ਅੰਤਿਮ ਯਾਤਰਾ ਵੀਰਵਾਰ ਸਵੇਰੇ ਉਨ੍ਹਾਂ ਦੀ ਖੰਨਾ ਵਿਖੇ ਰਿਹਾਇਸ਼ ਤੋਂ ਸ਼ੁਰੂ ਕੀਤੀ ਗਈ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਕਲਾਕਾਰਾਂ ਤੋਂ ਇਲਾਵਾ ਉਸ ਦੀ ਕਲਾ ਦੇ ਪ੍ਰੇਮੀ ਨਮ ਅੱਖਾਂ ਨਾਲ ਸ਼ਾਮਿਲ ਹੋਏ। ਸਰਦੂਲ ਸਿਕੰਦਰ ਦੀ ਦੇਹ ਇਕ ਵੱਡੀ ਗੱਡੀ ਵਿੱਚ ਰੱਖੀ ਗਈ ਸੀ। ਗੱਡੀ ਦੇ ਅੱਗੇ ਸਰਦੂਲ ਸਿਕੰਦਰ ਸਿਕੰਦਰ ਦੀ ਵੱਡੀ ਫੋਟੋ ਲਗਾ ਕੇ ਉਸ ਉਪਰ ਫੁੱਲਾਂ ਦੀਆਂ ਮਾਲਾਵਾਂ ਸਜਾਈਆਂ ਗਈਆਂ ਸਨ। ਗੱਡੀ ਦੇ ਅੱਗੇ ਪਿਛੇ ਮਰਹੂਮ ਕਲਾਕਾਰ ਦੇ ਰਿਸਤੇਦਾਰ ਤੇ ਸਨੇਹੀ ਚੱਲ ਰਹੇ ਸਨ। ਸਰਦੂਲ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿੱਚ ਸਪੁਰਦੇ-ਏ -ਖ਼ਾਕ ਕੀਤਾ ਗਿਆ। ਉਸ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹਰ ਸਖਸ਼ ਦੀ ਅੱਖ ਭਿੱਜੀ ਹੋਈ ਸੀ। ਇਸ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਣ ਕਰਕੇ ਖੰਨਾ ਤੋਂ ਪਿੰਡ ਖੇੜੀ ਨੌਧ ਸਿੰਘ ਸ਼ਾਮ ਨੂੰ ਪੰਜ ਵਜੇ ਪੁੱਜੀ। ਪਿੰਡ ਦੇ ਸਰਪੰਚ ਵਲੋਂ ਸਰਦੂਲ ਸਿਕੰਦਰ ਦੀ ਯਾਦਗਾਰ ਬਣਾਉਣ ਲਈ ਥਾਂ ਦਿੱਤੀ ਗਈ। ਇਸ ਭਾਵੁਕ ਸਮੇਂ ਦੌਰਾਨ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੇ ਕਿਹਾ ਕਿ ਮੈਨੂੰ ਇਥੇ ਹੀ ਦਫ਼ਨਾਇਆ ਜਾਵੇ।
ਜ਼ਿਕਰਯੋਗ ਹੈ ਕਿ ਸਰਦੂਲ ਸਿਕੰਦਰ ਦਾ ਬੁਧਵਾਰ ਨੂੰ ਸਵੇਰੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਪਿਛਲੇ ਕੁਝ ਸਮੇਂ ਤੋਂ ਉਹ ਦਿਲ, ਗੁਰਦੇ ਤੇ ਸ਼ੂਗਰ ਦੇ ਰੋਗ ਤੋਂ ਇਲਾਵਾ ਕਰੋਨਾ ਤੋਂ ਗ੍ਰਸਤ ਸਨ। ਪੰਜ ਸਾਲ ਪਹਿਲਾਂ ਉਨ੍ਹਾਂ ਦਾ ਗੁਰਦਾ ਵੀ ਬਦਲਿਆ ਗਿਆ ਸੀ। ਸਰਦੂਲ ਦੀ ਪਤਨੀ ਅਮਰ ਨੂਰੀ ਨੇ ਉਨ੍ਹਾਂ ਨੂੰ ਆਪਣਾ ਗੁਰਦਾ ਦਾਨ ਕੀਤਾ ਸੀ। ਡੇਢ ਮਹੀਨੇ ਤੋਂ ਫੋਰਟਿਸ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਅੱਜ 25 ਫਰਵਰੀ ਨੂੰ ਦੁਪਹਿਰ 5.30 ਵਜੇ ਜੱਦੀ ਪਿੰਡ ਖੇੜੀ ਨੌਧ ਸਿੰਘ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ। ਮੌਤ ਬਾਰੇ ਪਤਾ ਲੱਗਣ ‘ਤੇ ਬਿੱਟੂ ਖੰਨੇ ਵਾਲਾ, ਸਤਵਿੰਦਰ ਬੁੱਗਾ, ਐਮੀ ਵਿਰਕ, ਸੰਗੀਤਕਾਰ ਚਰਨਜੀਤ ਆਹੂਜਾ, ਸਚਿਨ ਆਹੂਜਾ, ਅਦਾਕਾਰ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹਰਦੀਪ, ਮਾਸਟਰ ਸਲੀਮ, ਫ਼ਿਰੋਜ਼ ਖਾਨ, ਰਣਜੀਤ ਬਾਵਾ ਤੇ ਭੱਟੀ ਭੜ੍ਹੀ ਵਾਲਾ ਅਤੇ ਹੋਰ ਕਲਾ ਪ੍ਰੇਮੀ ਹਸਪਤਾਲ ਪਹੁੰਚ ਗਏ ਸਨ। ਬੁਧਵਾਰ ਨੂੰ ਦੁਪਹਿਰ ਕਰੀਬ ਉਨ੍ਹਾਂ ਦੀ ਦੇਹ ਨੂੰ ਹਸਪਤਾਲ ਵਿੱਚੋਂ ਵੱਡੇ ਕਾਫ਼ਲੇ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਗਾਇਕਾ ਅਮਰ ਨੂਰੀ, ਉਨ੍ਹਾਂ ਦੇ ਦੋਵੇਂ ਪੁੱਤਰ ਅਲਾਪ ਸਿਕੰਦਰ ਅਤੇ ਸਾਰੰਗ ਸਿਕੰਦਰ ਆਪਣੀ ਖੰਨਾ ਸਥਿਤ ਰਿਹਾਇਸ਼ ਲਈ ਲੈ ਕੇ ਰਵਾਨਾ ਹੋਏ ਸਨ।
ਸਰਦੂਲ ਸਿਕੰਦਰ ਦਾ ਜਨਮ 15 ਜਨਵਰੀ 1961 ਨੂੰ ਪਿੰਡ ਖੇੜੀ ਨੌਧ ਸਿੰਘ ਵਿੱਚ ਉੱਘੇ ਤਬਲਾਵਾਦਕ ਸਾਗਰ ਮਸਤਾਨਾ ਦੇ ਘਰ ਹੋਇਆ ਸੀ। ਸਰਦੂਲ ਨੂੰ ਗਾਇਕੀ ਪਿਤਾਪੁਰਖੀ ਵਿਰਾਸਤ ਵਿਚੋਂ ਮਿਲੀ ਸੀ। ਉਸ ਦੇ ਪੁਰਖੇ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਉਹ ਛੇ ਭੈਣ-ਭਰਾ ਸਨ। ਸਰਦੂਲ ਦੀ 1980 ਵਿੱਚ ਪਹਿਲੀ ਕੈਸੇਟ ‘ਰੋਡਵੇਜ਼ ਦੀ ਲਾਰੀ’ ਬਹੁਤ ਪ੍ਰਸਿੱਧ ਹੋਈ। ਉਨ੍ਹਾਂ ਦੀ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਪੰਜ ਮਿਲੀਅਨ ਤੱਕ ਵਿਕਣ ਵਾਲੀ 1991 ਵਿੱਚ ਆਈ ਕੈਸੇਟ ‘ਹੁਸਨਾਂ ਦੇ ਮਾਲਕੋ’ ਸੀ। ਸਰਦੂਲ ਨੇ ਦੇਸ਼-ਵਿਦੇਸ਼ ਵਿੱਚ ਸੈਂਕੜੇ ਸ਼ੋਅ ਕੀਤੇ ਅਤੇ ਸੈਂਕੜੇ ਸੰਸਥਾਵਾਂ ਵੱਲੋਂ ਉਸ ਨੂੰ ਸਨਮਾਨ ਭੇਟ ਕੀਤੇ ਗਏ।
ਰਿਪੋਰਟਾਂ ਮੁਤਾਬਿਕ ਪੰਜਾਬ ਮੰਤਰੀ ਮੰਡਲ ਨੇ ਸਰਦੂਲ ਸਿਕੰਦਰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸਰਦੂਲ ਸਿਕੰਦਰ ਦੇ ਹਸਪਤਾਲ ਦੇ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੂਲ ਸਿਕੰਦਰ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਪੰਜਾਬੀ ਗਾਇਕੀ ਲਈ ਵੱਡਾ ਘਾਟਾ ਦੱਸਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਸੱਭਿਆਚਾਰਿਕ ਤੇ ਸਾਹਿਤਕ ਜਥੇਬੰਦੀਆਂ ਨੇ ਵੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।#