ਅੰਮ੍ਰਿਤਸਰ: ਇੱਥੋਂ ਦੇ ਰੰਜੀਤ ਐਵੇਨਿਊ ਵਿੱਚ ਇੱਕ ਨਿੱਜੀ ਇੰਸਟੀਚਿਊਟ ਵਿੱਚ ਕੋਰੋਨਾ ਨਿਯਮਾਂ ਦੀ ਉਲੰਘਣਾ ਹੋ ਰਹੀ ਸੀ। IELTS ਸੈਂਟਰ ਵਿੱਚ ਵਿਦਿਆਰਥੀਆਂ ਦੀ ਕਲਾਸ ਚੱਲ ਰਹੀ ਸੀ, ਜਿੱਥੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਇੰਸਟੀਚਿਊਟ ਵਿੱਚ ਹਫੜਾ ਦਫ਼ੜੀ ਮੱਚ ਗਈ। ਪੁਲਿਸ ਵਲੋਂ ਇੰਸਟੀਚਿਊਟ ਸੰਚਾਲਕ ਅਤੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ।
ਦੱਸ ਦਈਏ ਕੋਰੋਨਾ ਸੰਕਰਮਣ ਕਾਰਨ ਦੇਸ਼ਭਰ ਵਿੱਚ ਸਿਖਿਆ ਸੰਸਥਾਨ ਬੰਦ ਹਨ ਪਰ ਅਮ੍ਰਿਤਸਰ ਵਿੱਚ ਸ਼ਾਈਨ ਨਾਮ ਦੇ IELTS ਸੈਂਟਰ ਵਿੱਚ ਕੋਵਿਡ-19 ਗਾਈਡਲਾਈਨਜ਼ ਦੀ ਉਲੰਘਣਾ ਹੋ ਰਹੀ ਸੀ। ਪੁਲਿਸ ਨੂੰ ਇਸਦੀ ਸੂਚਨਾ ਮਿਲੀ ਤਾਂ ਉੱਥੇ ਛਾਪਾ ਮਾਰਿਆ ਗਿਆ। ਇੰਸਟੀਚਿਊਟ ਵਿੱਚ ਕਲਾਸ ਖਚਾਖਚ ਭਰੀ ਸੀ। ਸਰੀਰਕ ਦੂਰੀ ਦਾ ਕੋਈ ਪਾਲਣ ਨਹੀਂ ਹੋ ਰਿਹਾ ਸੀ। ਛਾਪੇ ਦੌਰਾਨ ਇੰਸਟੀਚਿਊਟ ਦਾ ਮਾਲਕ ਫਰਾਰ ਹੋ ਗਿਆ ਜਦਕਿ ਪੁਲਿਸ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਇੰਸਟੀਚਿਊਟ ਦੇ ਸਟਾਫ ਅਤੇ ਵਿਦਿਆਰਥੀਆਂ ਤੋਂ ਪੁੱਛਗਿਛ ਜਾਰੀ ਹੈ। ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਇੰਸਟੀਚਿਊਟ ਕਦੋਂ ਤੋਂ ਚੱਲ ਰਿਹਾ ਹੈ। ਪੁਲਿਸ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਸ਼ਹਿਰ ਵਿੱਚ ਕਿਤੇ ਹੋਰ ਵੀ ਇੰਸਟੀਚਿਊਟ ਤਾਂ ਨਹੀਂ ਚੱਲ ਰਹੇ। ਦੱਸ ਦਈਏ, ਪੰਜਾਬ ‘ਚ ਕੋਰੋਨਾ ਸੰਕਰਮਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਅਜਿਹੇ ਵਿੱਚ ਇਹ ਲਾਪਰਵਾਹੀ ਭਾਰੀ ਪੈ ਸਕਦੀ ਹੈ।