ਅੰਮ੍ਰਿਤਸਰ : ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਨੇ ਖੁਦ ਨੂੰ ਭਾਰਤੀ ਨਾਗਰਿਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਹ ਖੁਦ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਪਾਸਪੋਰਟ ਸਿਰਫ਼ ਇਕ ਯਾਤਰਾ ਦਸਤਾਵੇਜ਼ ਹੈ ਤੇ ਇਸ ਨਾਲ ਮੈਂ ਭਾਰਤੀ ਨਹੀਂ ਬਣ ਜਾਂਦਾ।
ਇਕ ਇੰਟਰਵਿਊ ’ਚ ਅੰਮ੍ਰਿਤਪਾਲ ਨੇ ਕਿਹਾ ਕਿ ਦਹਿਸ਼ਤਗਰਦੀ ਇਕ ਕੁਦਰਤੀ ਵਰਤਾਰਾ ਹੈ ਤੇ ਜੇਕਰ ਪੁਲਿਸ ਸ਼ਾਂਤ ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰੇਗੀ ਤਾਂ ਹਿੰਸਾ ਨੂੰ ਰੋਕਣਾ ਉਸ ਦੇ ਵੱਸ ’ਚ ਨਹੀਂ ਹੋਵੇਗਾ। ਦੱਸ ਦੇਈਏ ਕਿ ਅੰਮ੍ਰਿਤਪਾਲ ਨੇ ਆਪਣੇ ਕਰੀਬੀ ਲਵਪ੍ਰੀਤ ਸਿੰਘ ਤੂਫਾਨ ਨੂੰ ਛੁਡਾਉਣ ਲਈ ਸਮਰਥਕਾਂ ਸਣੇ ਅਜਨਾਲਾ ਪੁਲਿਸ ਥਾਣੇ ਨੂੰ ਘੇਰ ਲਿਆ ਜਿਸ ਦੇ ਬਾਅਦ ਪੰਜਾਬ ਪੁਲਿਸ ਉਸ ਦੇ ਅੱਗੇ ਝੁਕ ਗਈ ਤੇ ਤੂਫਾਨ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਦਿੱਤਾ। ਅੰਮ੍ਰਿਤਪਾਲ ਨੇ ਕਿਹਾ ਕਿ ਜੇਕਰ ਪੁਲਿਸ ਨੇ ਸ਼ਾਂਤੀਪੂਰਨ ਪ੍ਰਦਰਸ਼ਨ ਨੂੰ ਰੋਕਿਆ ਤਾਂ ਫਿਰ ਹਿੰਸਾ ਨੂੰ ਰੋਕਣਾ ਉਨ੍ਹਾਂ ਦੇ ਵਸ ਵਿਚ ਨਹੀਂ ਹੋਵੇਗਾ। ਦਹਿਸ਼ਤਗਰਦੀ ਅਜਿਹੀ ਚੀਜ਼ ਨਹੀਂ ਹੈ ਜਿਸ ਨੂੰ ਮੈਂ ਸ਼ੁਰੂ ਕਰ ਸਕਾਂ। ਕੋਈ ਵੀ ਵਿਅਕਤੀ ਨਾ ਤਾਂ ਦਹਿਸ਼ਤਗਰਦੀ ਨੂੰ ਸ਼ੁਰੂ ਕਰ ਸਕਦਾ ਹੈ ਤੇ ਨਾ ਹੀ ਖ਼ਤਮ। ਇਹ ਇਕ ਕੁਦਰਤੀ ਵਰਤਾਰਾ ਹੈ। ਇਹ ਉਦੋਂ ਹੀ ਹੁੰਦਾ ਹੈ ਜਦੋਂ ਲੰਬੇ ਸਮੇਂ ਤੱਕ ਕਿਸੇ ਨੂੰ ਦਬਾਇਆ ਜਾਵੇ। ਕੀ ਇਹ ਇਕ ਰਚਨਾਤਮਕ ਤਰੀਕੇ ਨਾਲ ਸ਼ੁਰੂ ਹੁੰਦੀ ਹੈ? ਜੇਕਰ ਮੈਂ ਕਿਸੇ ਨੂੰ ਅੱਤਵਾਦ ਸ਼ੁਰੂ ਕਰਨ ਲਈ ਹੁਕਮ ਦੇਵਾਂ ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਉੱਥੇ ਸ਼ਾਂਤ ਪ੍ਰਦਰਸ਼ਨ ਚੱਲ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਜਦੋਂ ਅਮਿਤ ਸ਼ਾਹ ਨੇ ਕਿਹਾ ਸੀ ਕਿ ਉਹ ਖ਼ਾਲਿਸਤਾਨੀ ਅੰਦੋਲਨ ਨੂੰ ਦਬਾ ਦੇਣਗੇ, ਤਾਂ ਮੈਂ ਕਿਹਾ ਸੀ ਕਿ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਸ ਦਾ ਇਹ ਮਤਲਬ ਨਹੀਂ ਸੀ ਕਿ ਇੰਦਰਾ ਗਾਂਧੀ ਦੀ ਹੱਤਿਆ ਵਰਗੇ ਨਤੀਜੇ। ਇਹ ਗ੍ਰਹਿ ਮੰਤਰੀ ਨੂੰ ਧਮਕੀ ਨਹੀਂ ਸੀ। ਮੈਂ ਤਾਂ ਕਹਾਂਗਾ ਕਿ ਇਹ ਸਾਨੂੰ ਧਮਕੀ ਸੀ।
ਅੰਮ੍ਰਿਤਪਾਲ ਕੁਝ ਸਮਾਂ ਪਹਿਲਾਂ ਤੱਕ ਦੁਬਈ ਵਿਚ ਟਰਾਂਸਪੋਰਟ ਬਿਜ਼ਨੈੱਸ ਕਰਦਾ ਸੀ। ਕਿਸਾਨ ਅੰਦੋਲਨ ਤੇ ਲਾਲ ਕਿਲਾ ਹਿੰਸਾ ਦੇ ਚਰਚਿਤ ਚਿਹਰੇ ਦੀਪ ਸਿੱਧੂ ਦੀ ਮੌਤ ਦੇ ਬਾਅਦ ਅੰਮ੍ਰਿਤਪਾਲ ਪੰਜਾਬ ਪਰਤਿਆ। ਇਥੇ ਆ ਕੇ ਉਸ ਨੇ ਦੀਪ ਸਿੱਧੂ ਦੇ ਸੰਗਠਨ ‘ਵਾਰਿਸ ਪੰਜਾਬ ਦੇ’ ਦੀ ਕਮਾਨ ਸੰਭਾਲੀ।