ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਸਿਰਫ 35 ਕੁ ਦਿਨ ਹੀ ਰਹਿ ਗਏ ਹਨ। ਜਿਸ ਦੇ ਚੱਲਦਿਆਂ ਅੱਜ ਬੁੱਧਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਏ ਬਾਈਡੇਨ ਵਿਚਕਾਰ ਪਹਿਲੀ ਬਹਿਸ ਹੋਈ। ਇੱਥੇ ਦੱਸ ਦਈਏ ਕਿ ਰਾਸ਼ਟਰਪਤੀ ਚੋਣਾਂ ‘ਚ ਜਨਤਾ ਦੀ ਰਾਇ ਤੈਅ ਕਰਨ ਵਿਚ ਇਸ ਬਹਿਸ ਅਹਿਮ ਭੂਮਿਕਾ ਹੁੰਦੀ ਹੈ।
ਬਹਿਸ ਦੌਰਾਨ ਦੋਵੇਂ ਪਾਰਟੀਆਂ ਨੇ ਸਿਹਤ, ਇਨਸਾਫ਼, ਨਸਲੀ ਭੇਦਭਾਵ ਤੇ ਅਰਥਵਿਵਸਥਾ ਸਮੇਤ ਹੋਰ ਕਈ ਮੁੱਦਿਆਂ ‘ਤੇ ਇੱਕ ਦੂਜੇ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਇਥੋਂ ਤੱਕ ਕਿ ਬਹਿਸ ਦੌਰਾਨ ਦੋਵੇਂ ਆਪਸ ‘ਚ ਇੰਨੇ ਉਲਝ ਗਏ ਕਿ ਦੋਵਾਂ ਨੇ ਇਕ ਦੂਸਰੇ ਨੂੰ ‘ ਸ਼ਟ-ਅੱਪ ‘ ਤੱਕ ਕਹਿ ਦਿੱਤਾ। ਜਿਸ ਕਾਰਨ ਡਿਬੇਟ ਦੇ ਮੇਜਬਾਨ ਕ੍ਰਿਸ ਵਾਲੈਸ ਨੂੰ ਦੋਵਾਂ ਨੂੰ ਸ਼ਾਂਤ ਕਰਨ ਲਈ ਵਿਚਕਾਰ ਆਉਣਾ ਪਿਆ।
ਬਹਿਸ ਦੌਰਾਨ ਜੋਅ ਬਾਈਡੇਨ ਨੇ ਟਰੰਪ ‘ਤੇ ਅਮਰੀਕਾ ‘ਚ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਜਿੱਠਣ ‘ਚ ਅਸਫਲ ਰਹਿਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਤਿਆਰੀ ਨਹੀਂ ਕੀਤੀ। ਇਸ ‘ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਕੋਰੋਨਾ ਦਾ ਸਾਹਮਣਾ ਕੀਤਾ ਹੈ। ਮੌਤ ਦਾ ਅੰਕੜਾ ਇਸ ਲਈ ਸਭ ਤੋਂ ਜ਼ਿਆਦਾ ਹੈ ਕਿਉਂਕਿ ਅਮਰੀਕਾ ਨੇ ਸਹੀ ਡਾਟਾ ਪੇਸ਼ ਕੀਤਾ ਹੈ ਜਦਕਿ ਚੀਨ, ਰੂਸ ਅਤੇ ਭਾਰਤ ਮੌਤ ਦਾ ਸਹੀ ਅੰਕੜਾ ਨਹੀਂ ਦੱਸ ਰਹੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜੱਜਾਂ ਅਤੇ ਸਿਹਤ ਕਾਮਿਆਂ ਨੂੰ ਲੈ ਕੇ ਟਰੰਪ ਤੇ ਬਾਈਡੇਨ ਵਿਚਕਾਰ ਤਿੱਖੀ ਬਹਿਸ ਹੋਈ।