ਅੰਮ੍ਰਿਤਸਰ: ਕਰਤਾਰਪੁਰ ਲਾਂਘੇ ਦੀ ਸੁਰੱਖਿਆ ‘ਚ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਇੱਕ ਅਮਰੀਕੀ ਸਿੱਖ ਨੂੰ ਗ੍ਰਿਫਤਾਰ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਕ ਉਹ ਬਿਨ੍ਹਾਂ ਦਸਤਾਵੇਜਾਂ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ।
ਸੁਰੱਖਿਆ ਬਲਾਂ ਦੇ ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਸਵੇਰੇ ਜਦੋਂ ਸ਼ਰਧਾਲੂ ਆਪਣੇ ਦਸਤਾਵੇਜਾਂ ਦੀ ਜਾਂਚ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾ ਰਹੇ ਸਨ ਤਾਂ ਇਹ ਨੌਜਵਾਨ ਉਨ੍ਹਾਂ ਦੇ ਨਾਲ ਰਲ ਗਿਆ। ਜਿੱਥੇ ਜਾਂਚ ਦੌਰਾਨ ਸਰਹੱਦ ‘ਤੇ ਤਾਇਨਾਤ ਬੀਐੱਸਐਫ ਦੇ ਜਵਾਨਾਂ ਨੇ ਉਸਨੂੰ ਗ੍ਰਿਫਤਾਰ ਕਰ ਲਿਆ।
ਪੁੱਛਗਿਛ ਦੌਰਾਨ ਇਸ ਸਿੱਖ ਨੌਜਵਾਨ ਨੇ ਆਪਣਾ ਨਾਮ ਟਿਵਾਣਾ ਅੰਮ੍ਰਿਤ ਸਿੰਘ ਦੱਸਿਆ । ਉਹ ਮੂਲ ਰੂਪ ਨਾਲ ਲੁਧਿਆਣਾ ਦੇ ਸਾਹਨੇਵਾਲ ਦਾ ਰਹਿਣ ਵਾਲਾ ਹੈ ਤੇ ਹੁਣ ਕਈ ਸਾਲ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ। ਜਾਂਚ ਦੌਰਾਨ ਉਸ ਕੋਲੋਂ ਅਮਰੀਕਾ ਦਾ ਪਾਸਪੋਰਟ ਮਿਲਿਆ ਹੈ। ਬੀਐੱਸਐਫ ਨੇ ਇਸ ਨੌਜਵਾਨ ਨੂੰ ਡੇਰਾ ਬਾਬਾ ਨਾਨਕ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।