ਚੰਡੀਗੜ੍ਹ, (ਅਵਤਾਰ ਸਿੰਘ): ਸ਼ਿਮਲਾ ਦਾ ‘ਆਲਮਾਇਟੀ ਬਲੈਸਿੰਗਸ’ ਗ਼ੈਰ-ਸਰਕਾਰੀ ਸੰਗਠਨ (ਐੱਨਜੀਓ) ਨਾ ਸਿਰਫ਼ ਹਿਮਾਚਲ ਪ੍ਰਦੇਸ਼, ਬਲਕਿ ਭਾਰਤ ਵਿੱਚ ਇੱਕ ਉੱਘਾ ਨਾਮ ਹੈ। ਇਹ ਸੰਗਠਨ ਕਈ ਗਤੀਵਿਧੀਆਂ ਜਿਵੇਂ ਕੈਂਸਰ ਰੋਗੀਆਂ ਲਈ ਮੁਫਤ ਐਂਬੂਲੈਂਸ ਸੇਵਾ ਪ੍ਰਦਾਨ ਕਰਨਾ, ਖੂਨਦਾਨ ਕੈਂਪ, ਅੰਤਿਮ ਸੰਸਕਾਰ ਵੈਨ ਦਾ ਸੰਚਾਲਨ ਅਤੇ ਆਈਜੀਐੱਮਸੀ ਮੈਡੀਕਲ ਕਾਲਜ, ਸ਼ਿਮਲਾ ਵਿੱਚ ਮੁਫਤ ਲੰਗਰ ਦਾ ਆਯੋਜਨ ਕਰਦਾ ਹੈ।
ਮਿਸ਼ਨ ਦੇ ਪ੍ਰੋਪਰਾਈਟਰ ਸਰਬਜੀਤ ਸਿੰਘ ਬੌਬੀ ਉਰਫ਼ ਵਿਹਲਾ ਬੰਦਾ ਦਾ ਕਹਿਣਾ ਹੈ ਕਿ 25 ਸਾਲ ਪਹਿਲਾਂ ਉਨ੍ਹਾਂ ਨੇ ਸ਼ਿਮਲਾ ਵਿੱਚ ਸਮਾਜ ਸੇਵਾ ਵਜੋਂ ਖੂਨਦਾਨ ਕੈਂਪ ਨਾਲ ਸੇਵਾ ਕਰਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ, “ਜਦੋਂ ਮੈਂ 25 ਸਾਲ ਪਹਿਲਾਂ ਸਮਾਜ ਸੇਵਾ ਦਾ ਆਪਣਾ ਕੰਮ ਸ਼ੁਰੂ ਕੀਤਾ ਸੀ, ਮੈਂ ਨਹੀਂ ਸੋਚਿਆ ਸੀ ਕਿ ਇੱਕ ਦਿਨ ਮੇਰਾ ਕਾਫ਼ਲਾ ਇੰਨਾ ਵੱਡਾ ਹੋ ਜਾਵੇਗਾ।” ਪਹਿਲਾਂ ਇਹ ਐੱਨਜੀਓ ਸ਼ਿਮਲਾ ਰਿੱਜ ‘ਤੇ ਖੂਨਦਾਨ ਕੈਂਪ ਲਗਾਇਆ ਕਰਦੀ ਸੀ। ਅੱਜ, ਹਿਮਾਚਲ ਪ੍ਰਦੇਸ਼ ਵਿੱਚ ਕੁੱਲ ਖੂਨਦਾਨ ਦਾ 60 ਪ੍ਰਤੀਸ਼ਤ ਹਿੱਸਾ ਇਸ ਗ਼ੈਰ ਸਰਕਾਰੀ ਸੰਗਠਨ ਦੁਆਰਾ ਲਗਾਏ ਗਏ ਕੈਂਪਾਂ ਤੋਂ ਪ੍ਰਾਪਤ ਹੁੰਦਾ ਹੈ।
ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈਜੀਐੱਮਸੀ) ਵਿੱਚ ਉਪਲਬਧ ਕਰਵਾਏ ਜਾ ਰਹੇ ਲੰਗਰਾਂ ਦੀ ਕਹਾਣੀ ਵੀ ਬਹੁਤ ਹੀ ਪ੍ਰੇਰਿਤ ਕਰਨ ਵਾਲੀ ਹੈ। ਮੁਫ਼ਤ ਚਾਹ ਸੇਵਾ ਨਾਲ ਸ਼ੁਰੂ ਕੀਤੇ ਗਏ ਇਸ ਸਫ਼ਰ ਨੇ ਅੱਜ ਵਿਸ਼ਾਲ ਲੰਗਰ ਦਾ ਰੂਪ ਧਾਰਨ ਕਰ ਲਿਆ ਹੈ। ਹਜ਼ਾਰਾਂ ਗ਼ਰੀਬ ਮਰੀਜ਼ ਅਤੇ ਤੀਮਾਰਦਾਰ ਇਨ੍ਹਾਂ ਲੰਗਰਾਂ ਵਿੱਚੋਂ ਖਾਣਾ ਖਾਂਦੇ ਹਨ। ਬੇਸ਼ੱਕ ਕੋਰੋਨਾ ਦੇ ਕਾਰਨ ਅੱਜ-ਕੱਲ੍ਹ ਇਹ ਲੰਗਰ ਬੰਦ ਹਨ, ਪਰ ਮੁਫ਼ਤ ਭੋਜਨ ਸੇਵਾ ਜਾਰੀ ਹੈ। ਇਸ ਗ਼ੈਰ ਸਰਕਾਰੀ ਸੰਗਠਨ ਦੇ ਕਾਰਜ-ਕਰਤਾ ਪੈਕਡ ਫੂਡ ਤਿਆਰ ਕਰ ਰਹੇ ਹਨ ਅਤੇ ਲੋੜਵੰਦਾਂ ਨੂੰ ਭੋਜਨ ਉਪਲਬਧ ਕਰਵਾ ਰਹੇ ਹਨ।
ਇਸ ਐੱਨਜੀਓ ਦੇ ਬਰੈੱਡ ਬੈਂਕ ਦੀ ਕਹਾਣੀ ਵੀ ਦਿਲਚਸਪ ਹੈ। ਹਜ਼ਾਰਾਂ ਲੋਕ ਇਨ੍ਹਾਂ ਲੰਗਰਾਂ ਤੋਂ ਭੋਜਨ ਪ੍ਰਾਪਤ ਕਰਦੇ ਹਨ। ਅਤੇ ਅਜਿਹੀ ਸਥਿਤੀ ਵਿੱਚ, ਕੋਰੋਨਾ ਮਹਾਮਾਰੀ ਦੇ ਦੌਰਾਨ ਰੋਟੀਆਂ ਦੀ ਘਾਟ ਹੋਣ ਲਗੀ। ਇਸ ਐੱਨਜੀਓ ਨੇ ਸ਼ਿਮਲਾ ਦੇ ਸਕੂਲਾਂ ਤੱਕ ਪਹੁੰਚ ਕੀਤੀ ਅਤੇ ਬੱਚਿਆਂ ਨੂੰ ਰੋਜ਼ਾਨਾ ਇੱਕ ਰੋਟੀ ਇਸ ਰੋਟੀ ਬੈਂਕ ਨੂੰ ਦੇਣ ਦੀ ਤਾਕੀਦ ਕੀਤੀ। ਬੱਚਿਆਂ ਨੇ ਇਸ ਮੁਹਿੰਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਅੱਜ ਇਸ ਰੋਟੀ ਬੈਂਕ ਤੋਂ ਹਰ ਰੋਜ਼ 3000 ਰੋਟੀਆਂ ਲੰਗਰ ਵਿੱਚ ਆਉਂਦੀਆਂ ਹਨ। ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਰੋਟੀ ਬੈਂਕ ਦੇ ਇਸ ਸੰਕਲਪ ਨੂੰ ਅਪਣਾਇਆ ਗਿਆ ਹੈ।
ਇਸ ਐੱਨਜੀਓ ਨੇ ਪਿਛਲੇ ਸਾਲ ਤੋਂ ਕੋਰੋਨਾ ਦੇ ਮਰੀਜ਼ਾਂ ਲਈ ਮੁਫ਼ਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਇਹ ਕੋਰੋਨਾ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਰ-ਘਰ ਜਾ ਕੇ ਭੋਜਨ ਵੀ ਉਪਲਬਧ ਕਰਵਾਉਂਦੀ ਹੈ। ਇਸ ਤੋਂ ਇਲਾਵਾ, ਇਹ ਐੱਨਜੀਓ ਕੋਰੋਨਾ ਦੇ ਮਰੀਜ਼ਾਂ ਲਈ ਖੂਨਦਾਨ ਕੈਂਪਾਂ ਦਾ ਆਯੋਜਨ ਵੀ ਕਰਦੀ ਹੈ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਦੀ ਹੈ।
ਆਪਣੇ ਸੰਦੇਸ਼ ਵਿੱਚ ਸਰਬਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਅੱਗੇ ਆਉਣ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ। ਉਹ ਕਹਿੰਦੇ ਹਨ ਕਿ ਇਸ ਦੁਨੀਆ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਦੀ ਮਦਦ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ, “ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਅਸੀਂ ਮਨੁੱਖਤਾ ਦੇ ਕੰਮ ਕਿਵੇਂ ਆ ਸਕਦੇ ਹਾਂ।”