ਕਪੂਰਥਲਾ: ਕਪੂਰਥਲਾ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਇੱਕ ਵਿਅਕਤੀ ਵਲੋਂ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਮੁਲਜ਼ਮ ਦੀ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਕਪੂਰਥਲਾ ਦੇ ਪਿੰਡ ਨਿਜਾਮਪੁਰ ਵਿੱਖੇ ਇੱਕ ਅਣਪਛਾਤੇ ਨੌਜਵਾਨ ਵੱਲੋਂ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ‘ਚ ਲੱਗੇ ਨਿਸ਼ਾਨ ਸਾਹਿਬ ਨਾਲ ਛੇੜ-ਛਾੜ ਦੀ ਕੋਸ਼ਿਸ਼ ਕੀਤੀ ਗਈ,ਪਰ ਮੌਕੇ ‘ਤੇ ਮੌਜੂਦ ਪਿੰਡ ਦੇ ਲੋਕਾਂ ਨੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ, ਜਿਸ ਦੀ ਉਨ੍ਹਾਂ ਵੱਲੋਂ ਕੁੱਟਮਾਰ ਕੀਤੀ ਗਈ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਇਸ ਵਿਅਕਤੀ ਨੂੰ ਸਿੱਖ ਜੱਥੇਬੰਦੀਆਂ ਦੇ ਹਵਾਲੇ ਹੀ ਕਰਨਗੇ, ਪਰ ਕੁਝ ਸਮਾਂ ਬੀਤਣ ਤੋਂ ਬਾਅਦ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਿਅਕਤੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਉਸ ਨੂੰ ਦਿੱਲੀ ਤੋਂ ਪੈਸੇ ਦੇ ਕੇ ਬੇਅਦਬੀ ਕਰਨ ਲਈ ਭੇਜਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਇੱਕ ਨੌਜਵਾਨ ਨੂੰ ਸੰਗਤ ਵੱਲੋਂ ਕਾਬੂ ਕੀਤਾ ਗਿਆ ਸੀ, ਜਿਸ ਨੂੰ ਇਥੇ ਮੌਜੂਦ ਭੀੜ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।