ਪੰਥਕ ਮੁੱਦਿਆਂ ਤੇ ਮੁੜ ਟਿਕੀ ਨਜ਼ਰ !

Global Team
3 Min Read

ਜਗਤਾਰ ਸਿੰਘ ਸਿੱਧੂ;

ਹੁਣ ਸਿੰਘ ਸਾਹਿਬਾਨ ਦੀ 28 ਜਨਵਰੀ ਨੂੰ ਹੋਣ ਜਾ ਰਹੀ ਮੀਟਿੰਗ ਤੇ ਪੰਥਕ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਪੰਥਕ ਮੁੱਦਿਆਂ ਉੱਪਰ ਵਿਚਾਰਾਂ ਕਰਨ ਲਈ ਇਹ ਮੀਟਿੰਗ ਸੱਦੀ ਗਈ ਹੈ। ਬੇਸ਼ਕ ਮੀਟਿੰਗ ਦਾ ਵਿਸਥਾਰਪੂਰਵਕ ਏਜੰਡਾ ਸਪੱਸ਼ਟ ਨਹੀਂ ਹੈ ਪਰ ਮੌਜੂਦਾ ਪ੍ਰਸਥਿਤੀਆਂ ਸੰਕੇਤ ਦਿੰਦੀਆਂ ਹਨ ਕਿ ਇਹ ਮੀਟਿੰਗ ਕਈ ਕਾਰਨਾਂ ਨਾਲ ਬਹੁਤ ਅਹਿਮ ਹੈ। ਪਹਿਲਾ ਵੱਡਾ ਕਾਰਨ ਸਿੰਘ ਸਾਹਿਬਾਨ ਵੱਲੋਂ ਦੋ ਦਸੰਬਰ ਦੇ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਫੈਸਲਿਆਂ ਨੂੰ ਲਾਗੂ ਕਰਨ ਬਾਰੇ ਹੈ। ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਆਹਮੋ ਸਾਹਮਣੇ ਖੜੇ ਹਨ।

ਦੋ ਦਸੰਬਰ ਤੋਂ ਬਾਅਦ ਆਪੋ ਆਪਣਾ ਪੱਖ ਪੇਸ਼ ਕਰਨ ਲਈ ਸਾਰੀਆਂਧਿਰਾਂ ਪਤਾ ਨਹੀਂ ਕਿੰਨੇ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰ ਚੁੱਕੀਆਂ ਹਨ। ਵਿਰੋਧੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਉਨਾਂ ਦੇ ਸਹਿਯੋਗੀ ਆਖ ਰਹੇ ਹਨ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੋ ਦਸੰਬਰ ਦੇ ਫੈਸਲਿਆਂ ਨੂੰ ਲਾਗੂ ਨਹੀਂ ਕਰ ਰਹੀ ਹੈ। ਇਸ ਅਨੁਸਾਰ ਅਕਾਲੀ ਦਲ ਦੀ ਭਰਤੀ ਮੁਹਿੰਮ ਸੱਤ ਮੈਂਬਰੀ ਕਮੇਟੀ ਨੇ ਕਰਨੀ ਸੀ ਪਰ ਉਸ ਦੀ ਤਾਂ ਪਹਿਲੀ ਮੀਟਿੰਗ ਵੀ ਨਹੀਂ ਹੋਈ ਹੈ ਜਦੋਂ ਕਿ ਅਕਾਲੀ ਦਲ ਨੇ ਪਾਰਟੀ ਦੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਅਕਾਲੀ ਦਲ ਦੇ ਆਗੂ ਲਗਾਤਾਰ ਆਖ ਰਹੇ ਹਨ ਕਿ ਜਥੇਦਾਰ ਦੇ ਫੈਸਲੇ ਨੂੰ ਲਾਗੂ ਕਰਵਾਉਣ ਨਾਲ ਅਕਾਲੀ ਦਲ ਦੀ ਮਾਨਤਾ ਖਤਰੇ ਵਿੱਚ ਪੈ ਸਕਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਜਥੇਦਾਰ ਵਡਾਲਾ ਨੂੰ ਫਰੀਦਕੋਟ ਜਿਲੇ ਦੀ ਭਰਤੀ ਦਾ ਨਿਗਰਾਨ ਲਾ ਦਿੱਤਾ ਹੈ । ਜਥੇਦਾਰ ਵਡਾਲਾ ਨੇ ਸਪੱਸ਼ਟ ਤੌਰ ਤੇ ਨਾਂਹ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਇਹ ਕਾਰਵਾਈ ਸਿੱਧੇ ਤੌਰ ਤੇ ਦੋ ਦਸੰਬਰ ਦੇ ਸਿੰਘ ਸਾਹਿਬਾਨ ਦੇ ਫੈਸਲਿਆਂ ਦੀ ਉਲੰਘਣਾ ਹੈ।

ਅਕਾਲੀ ਦਲ ਦੇ ਕਈ ਸੀਨੀਅਰ ਆਗੂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਫ਼ੈਸਲੇ ਲਾਗੂ ਨਾ ਹੋਣ ਕਾਰਨ ਨਾਰਾਜ਼ ਹਨ।ਇਨਾਂ ਆਗੂਆਂ ਵਿਚ ਇਕਬਾਲ ਸਿੰਘ ਝੂੰਡਾ, ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਅਤੇ ਕਈ ਹੋਰ ਸ਼ਾਮਲ ਹਨ। ਸਿੰਘ ਸਾਹਿਬਾਨ ਦੇ ਦੋ ਦਸੰਬਰ ਦੇ ਫ਼ੈਸਲਿਆਂ ਬਾਅਦ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦੋਸ਼ਾਂ ਦੇ ਮਾਮਲੇ ਵਿੱਚ ਜਥੇਦਾਰ ਦੀਆਂ ਸੇਵਾਵਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਬੇਸ਼ਕ ਆਰਜੀ ਤੌਰ ਤੇ ਪਾਸੇ ਕੀਤਾ ਹੈ ਪਰ ਉਨਾਂ ਦਾ ਮਾਮਲਾ ਵੀ ਕਿਸੇ ਸਿਰੇ ਨਹੀਂ ਲੱਗਾ ਹੈ। ਜੇਕਰ ਇਹ ਮਾਮਲਾ ਆਉਂਦਾ ਹੈ ਤਾਂ ਪੰਥਕ ਤੌਰ ਤੇ ਵੱਡਾ ਮਸਲਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਸਿੰਘ ਸਾਹਿਬਾਨ ਦੇ ਦੋ ਦਸੰਬਰ ਦੇ ਕੁਝ ਫੈਸਲੇ ਵਾਪਸ ਕਰਵਾਉਣਾ ਚਾਹੁੰਦਾ ਹੈ ।ਖ਼ਾਸ ਤੌਰ ਉੱਤੇ ਫਖਰੇ ਕੌਮ ਐਵਾਰਡ ਵਾਪਸ ਕਰਨ ਦੀ ਗੱਲ ਵੀ ਉੱਠ ਰਹੀ ਹੈ। ਇਸ ਸਾਰੇ ਕਾਸੇ ਦੇ ਚਲਦਿਆਂ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਬਹੁਤ ਅਹਿਮ ਹੈ।

ਸੰਪਰਕ 9814002186

Share This Article
Leave a Comment