ਨਵੀਂ ਦਿੱਲੀ : ਮੌਸਮ ਵਿਭਾਗ ਦੇ ਮੁਤਾਬਕ ਦੱਖਣ-ਪੱਛਮ ਮਾਨਸੂਨ ਫਿਰ ਤੋਂ ਸਰਗਰਮ ਹੋਣ ਕਾਰਨ ਉੱਤਰੀ ਖੇਤਰ ਸਣੇ ਦੇਸ਼ ਦੇ ਕਈ ਹਿੱਸੀਆਂ ਵਿੱਚ ਅਗਲੇ ਕੁੱਝ ਦਿਨਾਂ ਵਿੱਚ ਭਾਰੀ ਬਰਸਾਤ ਹੋਵੇਗੀ। 17 ਤੋਂ 20 ਜੁਲਾਈ ਤੱਕ ਪੱਛਮੀ ਹਿਮਾਲਿਆ ਖੇਤਰ ਅਤੇ ਉੱਤਰ ਪ੍ਰਦੇਸ਼ ‘ਚ ਭਾਰੀ ਮੀਂਹ ਦਾ ਅਨੁਮਾਨ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਰਾਜਧਾਨੀ ਦਿੱਲੀ ਵਿੱਚ ਅੱਜ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਦੀ ਤਾਜ਼ਾ ਚਿਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ, ਅਗਲੇ 24 ਘੰਟਿਆਂ ਦੌਰਾਨ ਗੁਜਰਾਤ, ਮੱਧ ਪ੍ਰਦੇਸ਼ ਅਤੇ ਦੱਖਣ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ ‘ਤੇ ਬਿਜਲੀ ਡਿੱਗਣ ਨਾਲ ਤੇਜ ਹਨ੍ਹੇਰੀ ਆ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ 18 ਤੋਂ 20 ਜੁਲਾਈ ਤੱਕ ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 18 ਜੁਲਾਈ ਨੂੰ ਦਿੱਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ, ਇਸ ਤੋਂ ਇਲਾਵਾ 18 ਜੁਲਾਈ ਨੂੰ ਉੱਤਰ ਪ੍ਰਦੇਸ਼, 19 ਜੁਲਾਈ ਨੂੰ ਜੰਮੂ ਅਤੇ 18 ਅਤੇ 19 ਜੁਲਾਈ ਨੂੰ ਉਤਰਾਖੰਡ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ। 17 ਜੁਲਾਈ ਨੂੰ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਗਰਜ ਦੇ ਨਾਲ ਬੁਛਾੜਾਂ ਪੈਣ ਦੀ ਸੰਭਾਵਨਾ ਜਤਾਈ ਹੈ।