ਸਿੰਘ ਸਾਹਿਬਾਨ ਦੇ ਫੈਸਲੇ ਤੇ ਸਵਾਲ!

Global Team
3 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਦੇ ਏਕੇ ਨੂੰ ਲੈ ਕੇ ਸਿੰਘ ਸਾਹਿਬਾਨ ਵਲੋਂ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਫ਼ੈਸਲੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇਗਾ? ਇਹ ਅਜਿਹਾ ਸਵਾਲ ਹੈ ਜਿਸ ਨੂੰ ਲੈ ਕੇ ਫ਼ੈਸਲਾ ਪ੍ਰਵਾਨ ਕਰਨ ਵਾਲੀਆਂ ਧਿਰਾਂ ਹੀ ਵੱਡੇ ਦਵੰਦ ਅਤੇ ਟਕਰਾ ਦੀ ਸਥਿਤੀ ਵਿੱਚ ਖੜ੍ਹੀਆਂ ਹਨ। ਇਨਾਂ ਧਿਰਾਂ ਵਲੋਂ ਤਨਖਾਹ ਲਵਾਉਣ ਦੀ ਡਿਊਟੀ ਤਾਂ ਨਿਭਾ ਦਿੱਤੀ ਗਈ ਪਰ ਪਾਰਟੀ ਦੀ ਭਰਤੀ ਅਤੇ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਸਿੱਧਾ ਟਕਰਾਅ ਹੈ। ਇਹ ਸਥਿਤੀ ਬਾਰੇ ਕੋਈ ਬਾਹਰਲਾ ਗੱਲ ਕਰੇ ਤਾਂ ਕਿਹਾ ਜਾ ਸਕਦਾ ਹੈ ਕਿ ਸਥਿਤੀ ਤੋਂ ਅਣਜਾਣ ਹੈ ਪਰ ਜਦੋਂ ਸਿਰ ਝੁਕਾਕੇ ਫੈਸਲਾ ਪ੍ਰਵਾਨ ਕਰਨ ਵਾਲੀਆਂ ਧਿਰਾਂ ਹੀ ਇਕ ਦੂਜੇ ਬਾਰੇ ਸਵਾਲ ਖੜ੍ਹੇ ਕਰਨ ਤਾਂ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਫ਼ੈਸਲਿਆਂ ਦੇ ਲਾਗੂ ਹੋਣ ਬਾਰੇ ਭਰੋਸੇਯੋਗਤਾ ਦਾ ਮੁੱਦਾ ਉੱਠਣਾ ਸੁਭਾਵਿਕ ਹੈ।

ਮਿਸਾਲ ਵਜੋਂ ਅੱਜ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁਕਤਸਰ ਮਾਘੀ ਦੀ ਕਾਨਫਰੰਸ ਨਿਕਲ ਜਾਣ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਫ਼ੈਸਲਿਆਂ ਦੇ ਲਾਗੂ ਨਾ ਹੋਣ ਬਾਰੇ ਆਪਣੇ ਖਦਸ਼ੇ ਸਿੰਘ ਸਾਹਿਬਾਨ ਦੇ ਧਿਆਨ ਵਿੱਚ ਲਿਆਂਦੇ ਹਨ। ਸਭ ਤੋਂ ਵੱਡਾ ਮਸਲਾ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਵਾਲ਼ੀ ਸੱਤ ਮੈਂਬਰੀ ਕਮੇਟੀ ਦਾ ਹੈ। ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਵੇਗੀ ਅਤੇ ਉਸੇ ਅਧਾਰ ਉੱਤੇ ਡੈਲੀਗੈਟਾਂ ਰਾਹੀ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਨੇ ਤਾਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਭਰਤੀ ਅਤੇ ਚੋਣ ਦਾ ਸਾਰਾ ਪ੍ਰੋਗਰਾਮ ਹੀ ਉਲੀਕ ਦਿੱਤਾ ਹੈ । ਇਹ ਵੀ ਤੈਅ ਕਰ ਦਿੱਤਾ ਹੈ ਕਿ ਪਹਿਲੀ ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਹੁਣ ਸੁਧਾਰ ਲਹਿਰ ਦੇ ਆਗੂ ਆਖ ਰਹੇ ਹਨ ਕਿ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਸਿੰਘ ਸਾਹਿਬਾਨ ਦੇ ਫੈਸਲਿਆਂ ਵਿਰੁੱਧ ਬਗਾਵਤ ਕੀਤੀ ਗਈ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰ ਝੁਕਾਉਕੇ ਸਿੰਘ ਸਾਹਿਬਾਨ ਦੇ ਫੈਸਲੇ ਪ੍ਰਵਾਨ ਕੀਤੇ ਹਨ ਪਰ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਹੀ ਅਲੋਚਨਾ ਕਰ ਰਹੇ ਹਨ। ਕਾਨੂੰਨੀ ਮੁਸ਼ਕਲਾਂ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਹੈ।

ਸਿੰਘ ਸਾਹਿਬਾਨ ਦੇ ਫ਼ੈਸਲੇ ਲਾਗੂ ਕਰਨ ਦੇ ਮੁੱਦੇ ਨੂੰ ਲੈਕੇ ਮੁਸ਼ਕਲਾਂ ਬਾਰੇ ਨਰਾਜ਼ਗੀ ਪ੍ਰਤੀ ਮੀਡੀਆ ਵਿਚ ਕਈ ਸੀਨੀਅਰ ਅਕਾਲੀ ਆਗੂਆਂ ਦਾ ਨਾਂ ਚਰਚਾ ਵਿੱਚ ਹੈ। ਇਨਾ ਵਿੱਚ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਝੂੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਲੌਂਗੋਵਾਲ ਸਮੇਤ ਕੁਝ ਮਾਝਾ ਅਤੇ ਦੁਆਬਾ ਦੇ ਆਗੂ ਵੀ ਹਨ ਪਰ ਅਧਿਕਾਰਤ ਤੌਰ ਤੇ ਇਨਾਂ ਆਗੂਆਂ ਦਾ ਕੋਈ ਬਿਆਨ ਨਹੀਂ ਆਇਆ। ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਵਧੇਰੇ ਸਪੱਸ਼ਟ ਹੋਵੇਗੀ। ਬੇਸ਼ੱਕ ਮਾਘੀ ਦੀ ਕਾਨਫਰੰਸ ਵਿੱਚ ਹਾਜ਼ਰੀ ਭਰਵੀ ਰਹੀ ਪਰ ਅਜਿਹੀ ਪਾਟੋਧਾੜ ਦੀਸਥਿਤੀ ਵਿੱਚ ਅਕਾਲੀ ਦਲ ਦੀ ਨੇੜ ਭਵਿੱਖ ਵਿੱਚ ਮਜ਼ਬੂਤੀ ਬਾਰੇ ਸਵਾਲੀਆ ਨਿਸ਼ਾਨ ਹੀ ਰਹੇਗਾ।

ਸੰਪਰਕ: 9814002186

Share This Article
Leave a Comment