ਅਕਾਲੀ ਦਲ ਦੀ ਮੀਟਿੰਗ

Global Team
3 Min Read

ਜਗਤਾਰ ਸਿੰਘ ਸਿੱਧੂ

ਸ਼੍ਰੋਮਣੀ ਅਕਾਲੀ ਦਲ ਨੂੰ ਧਾਰਮਿਕ ਅਤੇ ਰਾਜਸੀ ਖੇਤਰ ਵਿੱਚ ਆਪਣੇ ਸਮਿਆਂ ਦੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਖਾਸ ਤੌਰ ਉੱਤੇ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਪਿਛਲੇ ਦਿਨਾਂ ਦੇ ਸੰਕਟ ਬਾਅਦ ਸੰਭਾਲੀ ਪ੍ਰਧਾਨਗੀ ਇਕ ਰਾਜਸੀ ਇਮਤਿਹਾਨ ਹੈ । ਇਸ ਸਾਰੀ ਸਥਿਤੀ ਬਾਰੇ ਵਿਚਾਰ ਕਰਨ ਲਈ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਬਣਾਈ ਕਮੇਟੀ ਦੀ ਪਹਿਲੀ ਬੈਠਕ ਕੀਤੀ ਗਈ ਹੈ ।

ਪਾਰਟੀ ਦੀ ਤਕਰੀਬਨ ਚਾਰ ਘੰਟੇ ਚੱਲੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮਤਾ ਪਾਸ ਕਰਕੇ ਸਰਕਾਰ ਦੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਹੈ । ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਨਾ ਬਦਲੀ ਤਾਂ ਜਨਤਾ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ । ਪਾਰਟੀ ਵਲੋ ਆਪ ਦੀ ਲੀਡਰਸ਼ਿਪ ਵਿਰੁੱਧ ਪੰਜਾਬ ਵਿਰੋਧੀ ਹੋਣ ਦਾ ਦੋਸ਼ ਲਾਇਆ ਹੈ । ਮੀਟਿੰਗ ਦਾ ਅਹਿਮ ਪਹਿਲੂ ਇਹ ਵੀ ਰਿਹਾ ਹੈ ਕਿ ਪਾਰਟੀ ਨੇ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਮਜੀਠੀਆ ਦੀ ਹਮਾਇਤ ਕਰਨ ਲਈ ਧੰਨਵਾਦ ਕੀਤਾ ਹੈ । ਪਾਰਟੀ ਦੀ ਰਾਇ ਹੈ ਕਿ ਬਦਲਾਖੋਰੀ ਦੀ ਭਾਵਨਾ ਨਾਲ ਹੀ ਮਜੀਠੀਆ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਵਿੱਚ ਕੋਈ ਸਚਾਈ ਨਹੀਂ ਹੈ ।

ਮੀਟਿੰਗ ਬਾਰੇ ਰਾਜਸੀ ਹਲਕਿਆਂ ਵਿੱਚ ਚਰਚਾ ਸੀ ਕਿ ਅਕਾਲੀ ਦਲ ਸਰਕਾਰ ਦੀ ਕਾਰਵਾਈ ਵਿਰੁੱਧ ਕੋਈ ਪ੍ਰੋਗਰਾਮ ਉਲੀਕੇਗਾ ਪਰ ਨਿਖੇਧੀ ਮਤੇ ਤੱਕ ਹੀ ਰੋਸ ਨੂੰ ਸੀਮਤ ਰੱਖਿਆ ਗਿਆ ਹੈ । ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸੱਤ ਦਿਨ ਲਈ ਪੁੱਛਗਿੱਛ ਵਾਸਤੇ ਵਿਜੀਲੈਂਸ ਕੋਲ ਰਿਮਾਂਡ ਤੇ ਹਨ। ਵਿਜੀਲੈਂਸ ਦੀ ਟੀਮ ਮਜੀਠੀਆ ਨੂੰ ਪੁੱਛਗਿੱਛ ਦੇ ਸਿਲਸਿਲੇ ਵਿੱਚ ਹੀ ਅੱਜ ਸ਼ਿਮਲਾ ਲੈ ਕੇ ਗਈ ਸੀ । ਇਸ ਦੇ ਨਾਲ ਨਾਲ ਕਈ ਵੱਡੇ ਸਾਬਕਾ ਪੁਲਿਸ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਵੱਲੋਂ ਮੋਹਾਲੀ ਵਿਜੀਲੈਂਸ ਦੀ ਟੀਮ ਮੂਹਰੇ ਲਗਾਤਾਰ ਬਿਆਨ ਦਿੱਤੇ ਜਾ ਰਹੇ ਹਨ। ਸਾਬਕਾ ਡੀਜੀਪੀ ਚੱਟੋਪਧਿਆਏ ਅਤੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਮਜੀਠੀਆ ਵਿਰੁੱਧ ਜਾਣਕਾਰੀ ਦੇਣ ਲਈ ਪੇਸ਼ ਹੋ ਚੁੱਕੇ ਹਨ। ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਵਿਜੀਲੈਂਸ ਟੀਮ ਕੋਲ ਮਜੀਠੀਆ ਵਿਰੁੱਧ ਬਿਆਨ ਦਰਜ ਕਰਵਾਏ ਹਨ ।ਮਜੀਠੀਆ ਦੇ ਕਈ ਹੋਰ ਨਜ਼ਦੀਕੀ ਵੀ ਵਿਰੋਧ ਵਿਚ ਭੁਗਤੇ ਹਨ। ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ , ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਵਲੋਂ ਵੀ ਸਰਕਾਰ ਉੱਤੇ ਸਵਾਲ ਚੁੱਕੇ ਗਏ ਹਨ।

ਜੇਕਰ ਅਕਾਲੀ ਦਲ ਲਈ ਚੁਣੌਤੀ ਦਾ ਜ਼ਿਕਰ ਕੀਤਾ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬੇਅਦਬੀ ਮੁਦੇ ਬਾਰੇ ਦਿੱਤਾ ਬਿਆਨ ਵੀ ਅਹਿਮ ਹੈ । ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਬੇਅਦਬੀ ਦੇ ਮੁੱਦੇ ਉੱਪਰ ਸਰਕਾਰ ਸਖ਼ਤ ਕਾਨੂੰਨ ਬਣਾਉਣ ਜਾ ਰਹੀ ਹੈ ਅਤੇ ਸਿੱਧੇ ਜਾਂ ਅਸਿੱਧੇ ਤੌਰ ਉਤੇ ਬੇਅਦਬੀ ਲਈ ਜਿੰਮੇਵਾਰ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ।ਇਹ ਮਾਮਲਾ ਅਕਾਲੀ ਭਾਜਪਾ ਸਰਕਾਰ ਸਮੇਂ ਨਾਲ ਜੁੜਿਆ ਹੋਇਆ ਹੈ ।

ਸੰਪਰਕ 9814002186

Share This Article
Leave a Comment