ਸੰਗਰੂਰ : ਸੰਤ ਅਤਰ ਸਿੰਘ ਜੀ ਮਸਤੂਆਣਾ ਦੇ ਸੰਕਲਪਾਂ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਬਾਰੇ ਪਿਛਲੇ ਸਮੇਂ ਤੋਂ ਕੁੱਝ ਛੜਯੰਤਰਕਾਰੀ ਵਿਅਕਤੀਆਂ ਵੱਲੋਂ ਡੂੰਘੀ ਸਾਜਿਸ਼ ਦੇ ਤਹਿਤ ਬੇਬੁਨਿਆਦ, ਤੱਥਾਂ ਤੋਂ ਰਹਿਤ, ਗੁੰਮਰਾਹਕੁਨ ਢੰਗ ਨਾਲ ਝੂਠ ਫੈਲਾਇਆ ਜਾ ਰਿਹਾ ਹੈ ਕਿ ਇਸ ਕਾਲਜ ਨੂੰ ਬੰਦ ਕੀਤਾ ਜਾ ਰਿਹਾ ਹੈ, ਜਦਕਿ ਹਕੀਕਤ ਇਹ ਹੈ ਕਿ 1970 ਵਿੱਚ ਆਰੰਭ ਹੋਇਆ ਇਹ ਕਾਲਜ ਯੂਨੀਵਰਸਿਟੀ ਬਣਨ ਵੱਲ ਵਧ ਰਿਹਾ ਸੀ, ਪਰ ਇੰਨ੍ਹਾਂ ਤੱਤਾਂ ਦੀ ਮਿਲੀਭੁਗਤ, ਨਿੱਜੀ ਹਿੱਤਾਂ ਤੋਂ ਪ੍ਰੇਰਿਤ ਝੂਠੇ ਪ੍ਰਚਾਰ ਕਾਰਨ ਪਿਛਲੇ ਸਾਲ ਡੀ.ਪੀ.ਆਈ. ਕਾਲਜਾਂ ਪੰਜਾਬ ਨੇ ਵਧੀਆ ਕੰਮ ਕਰ ਰਹੀ ਮੈਨੇਜਮੈਂਟ ਨੂੰ ਮੁਅੱਤਲ ਕਰਕੇ ਕਾਲਜ ਦੇ ਵਿਕਾਸ ਨੂੰ ਰੋਕ ਪਾਈ।
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਿਤੀ 28.7.2021 ਨੂੰ ਦਿੱਤੇ ਫੈਸਲੇ ਰਾਹੀਂ ਸਾਰੇ ਗਲਤ ਹੁਕਮਾਂ ਨੂੰ ਰੱਦ ਕਰਕੇ ਮੈਨੇਜਮੈਂਟ ਨੂੰ ਬਹਾਲ ਕਰ ਦਿੱਤਾ ਅਤੇ ਬੀ.ਏ. ਭਾਗ—1 ਦੇ ਦਾਖਲਿਆਂ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਚਾਰ ਹਫ਼ਤਿਆਂ ਵਿੱਚ ਫੈਸਲਾ ਕਰਨ ਲਈ ਪਾਬੰਦ ਕੀਤਾ ਹੈ ਅਤੇ ਉਸ ਸਮੇਂ ਤੱਕ ਬੀ.ਏ. ਭਾਗ—1 ਦੇ ਦਾਖਲੇ ਲੰਬਿਤ ਕਰਨ ਦੇ ਹੁਕਮ ਕੀਤੇ ਹਨ। ਇਹ ਸੂਚਨਾ ਕਰਨਵੀਰ ਸਿੰਘ ਸਿਬੀਆ ਚੇਅਰਮੈਨ ਅਕਾਲ ਡਿਗਰੀ ਕਾਲਜ ਲੜਕੀਆਂ ਸੰਗਰੂਰ ਨੇ ਅਦਾਲਤੀ ਫੈਸਲੇ ਦੀ ਕਾਪੀ ਸਹਿਤ ਭੇਜੇ ਪ੍ਰੈਸ ਨੋਟ ਰਾਹੀਂ ਦਿੱਤੀ।
ਉਹਨਾਂ ਹੋਰ ਕਿਹਾ ਕਿ ਸਾਡੇ ਵੱਲੋਂ ਕਾਲਜ ਨੂੰ ਕਿਸੇ ਵੀ ਹਾਲਤ ਵਿੱਚ ਬੰਦ ਨਹੀਂ ਕੀਤਾ ਜਾਵੇਗਾ ਅਤੇ ਨਾਂ ਹੀ ਕੋਈ ਦਾਖਲਾ ਰੋਕਿਆ ਜਾ ਰਿਹਾ ਹੈ। ਮੈਨੇਜਮੈਂਟ ਯੂਨੀਵਰਸਿਟੀ ਦੇ ਫੈਸਲੇ ਦੀ ਪਾਲਣਾ ਕਰੇਗੀ। ਉਹਨਾਂ ਹੋਰ ਕਿਹਾ ਕਿ ਲੜਕੀਆਂ ਦੀ ਵਿੱਦਿਆ ਲਈ ਸਮਰਪਿਤ ਪਵਿੱਤਰ ਸੰਸਥਾ ਨੂੰ ਝੂਠੇ, ਬੇਬੁਨਿਆਦ ਅਤੇ ਨਿੱਜੀਮੁਫਾਦਾਂ ਦੇ ਤਹਿਤ ਬਦਨਾਮ ਕਰਨ ਵਾਲੇ ਵਿਅਕਤੀਆਂ ਵਿਰੁੱਧ ਮਾਣਹਾਨੀ ਦਾ ਕੇਸ ਦਾਇਰ ਕਰਨ ਸਬੰਧੀ ਸਾਡੀ ਲੀਗਲ ਟੀਮ ਵੱਲੋਂ ਕਾਨੂੰਨੀ ਪਹਿਲੂਆਂ ਤੋਂ ਘੋਖ ਕੀਤੀ ਜਾ ਰਹੀ ਹੈ।