ਨਵੀਂ ਦਿੱਲੀ : ਕੋਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਅੱਜ ਸਵੇਰ 330 ਯਾਤਰੀਆਂ ਨੂੰ ਚੀਨ ਦੇ ਵੁਹਾਨ ਤੋਂ ਏਅਰ ਇੰਡੀਆ ਦੀ ਦੂਜੀ ਉਡਾਣ ਰਾਹੀਂ ਭਾਰਤ ਲਿਆਂਦਾ ਗਿਆ ਹੈ। ਏਅਰ ਇੰਡੀਆ ਦੇ ਦੂਜੇ ਵਿਸ਼ੇਸ਼ ਜਹਾਜ਼ ਨੇ ਸਵੇਰੇ 3.10 ਵਜੇ ਚੀਨ ਦੇ ਵੁਹਾਨ ਤੋਂ ਉਡਾਣ ਭਰੀ। ਜੋ ਸਵੇਰੇ 9.45 ਵਜੇ ਨਵੀਂ ਦਿੱਲੀ ਏਅਰਪੋਰਟ ‘ਤੇ ਪੁੱਜਾ। ਇਸ ਜਹਾਜ਼ ਰਾਹੀਂ 330 ਯਾਤਰੀਆਂ ਨੂੰ ਭਾਰਤ ਲਿਆਂਦਾ ਗਿਆ ਹੈ ਜਿਨ੍ਹਾਂ ‘ਚੋਂ 7 ਨਾਗਰਿਕ ਮਾਲਦੀਪ ਦੇ ਰਹਿਣ ਵਾਲੇ ਸਨ। ਜਿਨ੍ਹਾਂ ਨੂੰ ਚੀਨ ਦੇ ਵੁਹਾਨ ਤੋਂ ਬਾਹਰ ਕੱਢਿਆ ਗਿਆ ਹੈ।
ਮਾਲਦੀਪ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹੀ ਨੇ ਟਵੀਟ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਧੰਨਵਾਦ ਕੀਤਾ ਹੈ। ਅਬਦੁੱਲਾ ਸ਼ਾਹੀ ਨੇ ਰਾਜਦੂਤ ਵਿਕਰਮ ਮਿਸਤਰੀ ਤੇ ਸੰਜੇ ਸੁਧੀਰ ਤੇ ਉਨ੍ਹਾਂ ਦੀ ਸਾਰੀ ਟੀਮ ਦਾ ਇਸ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।
ਦੱਸ ਦਈਏ ਕਿ ਖਤਰਨਾਕ ਕੋਰੋਨਾਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਿਯੂਐਚਓ) ਵੱਲੋਂ ਵਿਸ਼ਵਵਿਆਪੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਅਮਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਪਿਛਲੇ ਦੋ ਹਫਤਿਆਂ ‘ਚ ਚੀਨ ਦੀ ਯਾਤਰਾ ‘ਤੇ ਗਏ ਵਿਦੇਸ਼ੀ ਨਾਗਰਿਕਾਂ ਦੀ ਦੇਸ਼ ‘ਚ ਦਖਲ ‘ਤੇ ਪ੍ਰਤੀਬੰਧ ਲਗਾਇਆ ਹੋਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਚੀਨ ‘ਚ ਕੋਰੋਨਾਵਾਇਰਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ 304 ਹੋ ਗਈ ਹੈ। ਜਦੋਂ ਕਿ ਸੰਕਰਮਿਤ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਤੱਕ ਪਹੁੰਚ ਗਈ ਹੈ।