ਆਬੂ ਧਾਬੀ ਤੋਂ ਕਾਲੀਕਟ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਫਲਾਈਟ ਦੇ ਇੱਕ ਇੰਜਣ ਵਿੱਚ ਅਚਾਨਕ ਅੱਗ ਲੱਗ ਗਈ। ਇਸ ਤੋਂ ਬਾਅਦ ਫਲਾਈਟ ਨੂੰ ਸੁਰੱਖਿਅਤ ਰੂਪ ਨਾਲ ਵਾਪਸ ਆਬੂ ਧਾਬੀ ‘ਚ ਉਤਾਰਿਆ ਗਿਆ। ਜਹਾਜ਼ ਦੇ ਸਾਰੇ ਯਾਤਰੀ ਸੁਰੱਖਿਅਤ ਹਨ। ਡੀਜੀਸੀਏ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਬੀ737-800 ਵੀਟੀ-ਏਵਾਈਸੀ ਓਪਰੇਟਿੰਗ ਫਲਾਈਟ IX 348 (ਅਬੂ ਧਾਬੀ-ਕਾਲੀਕਟ) ਵਿੱਚ ਟੇਕਆਫ ਦੌਰਾਨ ਇੰਜਣ ਨੰਬਰ ਇੱਕ ਵਿੱਚ ਅੱਗ ਲੱਗ ਗਈ। ਉਸ ਸਮੇਂ ਜਹਾਜ਼ 1000 ਫੁੱਟ ਦੀ ਉਚਾਈ ‘ਤੇ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਆਬੂ ਧਾਬੀ ‘ਚ ਉਤਾਰਿਆ ਗਿਆ।
ਡੀਜੀਸੀਏ ਮੁਤਾਬਕ ਘਟਨਾ ਦੇ ਸਮੇਂ ਫਲਾਈਟ ‘ਚ 184 ਯਾਤਰੀ ਸਵਾਰ ਸਨ। ਏਅਰ ਇੰਡੀਆ ਐਕਸਪ੍ਰੈਸ ਨੇ ਦੱਸਿਆ ਕਿ ਜਿਵੇਂ ਹੀ ਫਲਾਈਟ ਨੇ ਉਡਾਣ ਭਰੀ ਅਤੇ ਜਹਾਜ਼ 1000 ਫੁੱਟ ਦੀ ਉਚਾਈ ‘ਤੇ ਪਹੁੰਚਿਆ ਤਾਂ ਜਹਾਜ਼ ਦੇ ਪਾਇਲਟ ਨੇ ਇਕ ਇੰਜਣ ‘ਚੋਂ ਚੰਗਿਆੜੀ ਨਿਕਲਦੀ ਦੇਖੀ, ਜਿਸ ਤੋਂ ਬਾਅਦ ਜਹਾਜ਼ ਨੂੰ ਤੁਰੰਤ ਆਬੂਧਾਬੀ ਹਵਾਈ ਅੱਡੇ ‘ਤੇ ਵਾਪਸ ਉਤਾਰਿਆ ਗਿਆ। . ਡੀਜੀਸੀਏ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਤੋਂ ਪਹਿਲਾਂ 23 ਜਨਵਰੀ ਨੂੰ ਤ੍ਰਿਵੇਂਦਰਮ ਤੋਂ ਮਸਕਟ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਨੂੰ ਜਹਾਜ਼ ‘ਚ ਤਕਨੀਕੀ ਖਰਾਬੀ ਕਾਰਨ 45 ਮਿੰਟ ਬਾਅਦ ਵਾਪਸ ਤ੍ਰਿਵੇਂਦਰਮ ‘ਚ ਲੈਂਡ ਕਰਨਾ ਪਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ ਦੇ ਫਲਾਈਟ ਮੈਨੇਜਮੈਂਟ ਸਿਸਟਮ ‘ਚ ਕੁਝ ਤਕਨੀਕੀ ਖਰਾਬੀ ਆ ਗਈ ਸੀ। ਪਿਛਲੇ ਸਾਲ 22 ਦਸੰਬਰ ਨੂੰ ਦੁਬਈ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਵਿੱਚ ਸੱਪ ਮਿਲਿਆ ਸੀ। ਜਹਾਜ਼ ਨੇ ਕਾਲੀਕਟ ਤੋਂ ਉਡਾਣ ਭਰੀ ਸੀ ਅਤੇ ਦੁਬਈ ਪਹੁੰਚਣ ਤੋਂ ਬਾਅਦ ਜਹਾਜ਼ ‘ਚ ਸੱਪ ਦਾ ਪਤਾ ਲੱਗਾ।