ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਨਵੇਂ ਵਰ੍ਹੇ 2021 ਦਾ ਕੈਲੰਡਰ ਜਾਰੀ ਕੀਤਾ। ਉਹਨਾਂ ਕਿਹਾ ਕਿ ਕੋਵਿਡ-19 ਦੇ ਸੰਕਟ ਦੇ ਬਾਵਜੂਦ ਪੀ.ਏ.ਯੂ. ਨੇ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਨੂੰ ਨਿਰੰਤਰ ਜਾਰੀ ਰੱਖਿਆ ਹੈ। ਡਾ. ਢਿੱਲੋਂ ਨੇ ਸਮੁੱਚੇ ਸਟਾਫ਼ ਅਤੇ ਕਿਸਾਨੀ ਸਮਾਜ ਨੂੰ ਨਵੇਂ ਵਰ੍ਹੇ 2021 ਦੀਆਂ ਵਧਾਈਆਂ ਦਿੰਦਿਆਂ ਕਿਸਾਨੀ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰਨ ਦੇ ਯੂਨੀਵਰਸਿਟੀ ਦੇ ਅਹਿਦ ਨੂੰ ਦੁਹਰਾਇਆ। ਡਾ. ਢਿੱਲੋਂ ਨੇ ਆਈ ਸੀ ਏ ਆਰ ਦੀ ਰੈਂਕਿੰਗ ਵਿੱਚ ਪੀ.ਏ.ਯੂ. ਨੂੰ ਮਿਲੇ ਸਿਖਲਰੇ ਦਰਜ਼ੇ ਲਈ ਇੱਕ ਵਾਰ ਫਿਰ ਸਟਾਫ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿਸਾਨ ਦੀ ਆਮਦਨ ਵਧਾਉਣ ਲਈ ਸਭ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।
ਇਸ ਸਮੇਂ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ, ਵਧੀਕ ਨਿਰਦੇਸ਼ਕ ਖੋਜ ਡਾ. ਕੇ. ਐੱਸ ਥਿੰਦ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਸਾਰੇ ਕਾਲਜਾਂ ਦੇ ਡੀਨ ਸਾਹਿਬਾਨ ਅਤੇ ਡਾਇਰੈਕਟਰ ਹਾਜ਼ਰ ਸਨ।