ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਇਕ ਸਾਹਿਤਕ ਸਮਾਗਮ ਦੌਰਾਨ ਜ਼ਖਮੀ ਹੋਏ ਮਸ਼ਹੂਰ ਸਾਹਿਤਕਾਰ ਸਲਮਾਨ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਹੈ ਅਤੇ ਉਨ੍ਹਾਂ ਦਾ ਇਕ ਹੱਥ ਵੀ ਕੰਮ ਕਰਨਾ ਬੰਦ ਕਰ ਗਿਆ ਹੈ। ਅਗਸਤ ਮਹੀਨੇ ‘ਚ ਸਲਮਾਨ ਰਸ਼ਦੀ ‘ਤੇ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਕਾਰਨ ਉਨ੍ਹਾਂ ਦੀ ਗਰਦਨ ‘ਤੇ ਕਈ ਡੂੰਘੇ ਜ਼ਖਮ ਸਨ। ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਸੀ। ਸਲਮਾਨ ਰਸ਼ਦੀ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਈਰਾਨੀ ਨਾਗਰਿਕ ਵਜੋਂ ਹੋਈ ਹੈ।
ਸਲਮਾਨ ਰਸ਼ਦੀ ‘ਤੇ ਹਮਲੇ ਤੋਂ ਬਾਅਦ ਉਨ੍ਹਾਂ ਦੇ ਏਜੰਟ ਐਂਡਰਿਊ ਵਾਈਲੀ ਨੇ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਇਹ ਕਿਸ ਤਰ੍ਹਾਂ ਦਾ ਹਮਲਾ ਸੀ। ਸਲਮਾਨ ਰਸ਼ਦੀ ‘ਤੇ ਹੋਏ ਹਮਲੇ ਨੂੰ ਗੰਭੀਰ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਗਲੇ ‘ਚ ਤਿੰਨ ਡੂੰਘੇ ਜ਼ਖਮ ਸਨ। ਜਿਸ ‘ਚ ਉਨ੍ਹਾਂ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਹੈ ਅਤੇ ਇਕ ਹੱਥ ਵੀ ਕੰਮ ਕਰਨਾ ਬੰਦ ਕਰ ਗਿਆ ਹੈ।
ਐਂਡਰਿਊ ਨੇ ਇਹ ਨਹੀਂ ਦੱਸਿਆ ਕਿ ਕੀ ਉਹ ਅਜੇ ਵੀ ਹਸਪਤਾਲ ਵਿੱਚ ਹਨ ਜਾਂ ਫਿਰ ਘਰ ‘ਚ ਹਨ। ਉਨ੍ਹਾਂ ਨੇ ਇਸ ਬਾਰੇ ਸਿਰਫ ਇੰਨਾ ਹੀ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਉਹ ਬਚ ਗਏ ਹਨ। ਇਸ ਸਭ ਦੇ ਨਾਲ-ਨਾਲ ਐਂਡਰਿਊ ਨੇ ਕਿਹਾ ਕਿ ਸਲਮਾਨ ਰਸ਼ਦੀ ਨੇ ਪਹਿਲਾਂ ਵੀ ਅਜਿਹੇ ਹਮਲਿਆਂ ਬਾਰੇ ਗੱਲ ਕੀਤੀ ਸੀ ਅਤੇ ਸੰਭਾਵਨਾ ਜਤਾਈ ਸੀ।