ਕੈਪਟਨ ਦਾ ਨਵਜੋਤ ਸਿੱਧੂ ‘ਤੇ ਤਾਬੜਤੋੜ ਹਮਲਾ, ਸਿੱਧੂ ਨੂੰ ਦੱਸਿਆ ਪਾਕਿਸਤਾਨ ਦਾ ਦੋਸਤ

TeamGlobalPunjab
2 Min Read

ਚੰਡੀਗੜ੍ਹ : ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਸਿੱਧੂ ਨੂੰ ‘ਕਾਂਗਰਸ ਲਈ ਤਬਾਹੀ’ ਗਰਦਾਨ ਦਿੱਤਾ ਹੈ।

ਅਸਤੀਫੇ਼ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨਾ ਬਣਾਉਂਦਿਆਂ ਕੈਪਟਨ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਮੈਂ ਇਸਦਾ ਵਿਰੋਧ ਕਰਾਂਗਾ। ਮੈਨੂੰ ਪਤਾ ਹੈ ਕਿ ਨਵਜੋਤ ਸਿੱਧੂ ਦਾ ਪਾਕਿਸਤਾਨ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਹੈ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਸ ਦੇ ਦੋਸਤ ਹਨ। ਸਿੱਧੂ ਪੰਜਾਬ ਲਈ ਆਫ਼ਤ ਸਾਬਤ ਹੋਣਗੇ।

(Courtesy: ANI)

ਕੈਪਟਨ ਨੇ ਸਿੱਧੂ ਤੇ ਤਾਬੜਤੋੜ ਸ਼ਬਦੀ ਬਾਣ ਛੱਡਦੇ ਹੋਏ ਕਿਹਾ ਜਿਹੜਾ ਸਰਕਾਰ ਦਾ ਇੱਕ ਮੰਤਰਾਲਾ ਨਹੀਂ ਚਲਾ ਸਕਿਆ, ਉਹ ਸਾਰੀ ਸਰਕਾਰ ਕੀ ਚਲਾਏਗਾ? ਸਿੱਧੂ ਮੁੱਖ ਮੰਤਰੀ ਦੇ ਅਹੁਦੇ ਦੇ ਕਾਬਲ ਨਹੀਂ । ਕੈਪਟਨ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ, ਉਨ੍ਹਾਂ ਨੇ ਮੇਰੇ ਵਿਰੁੱਧ ਪੂਰਾ ਮਾਹੌਲ ਬਣਾਇਆ। ਮੈਂ ਸਿੱਧੂ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਨਹੀਂ ਕਰਾਂਗਾ।

ਹਾਈਕਮਾਨ ‘ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਵਾਰ-ਵਾਰ ਵਿਧਾਇਕਾਂ ਦੀ ਮੀਟਿੰਗ ਬੁਲਾ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਹਾਈਕਮਾਨ ਨੂੰ ਮੇਰੇ ‘ਤੇ ਭਰੋਸਾ ਨਹੀਂ ਹੈ। ਮੈਨੂੰ ਅਪਮਾਨਿਤ ਮਹਿਸੂਸ ਕਰਵਾਇਆ ਗਿਆ।

 

ਸੋਨੀਆ ਗਾਂਧੀ ਨੇ ਕਿਹਾ, ‘ਆਈ ਐਮ ਸਾਰੀ, ਅਮਰਿੰਦਰ !’

 

ਕੈਪਟਨ ਨੇ ਕਿਹਾ, “ਮੈਂ ਅਸਤੀਫਾ ਦੇਣ ਬਾਰੇ ਸਵੇਰੇ ਫੈਸਲਾ ਲਿਆ। ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕੀਤੀ ਤਾਂ ਉਨਾਂ ਦਾ ਕਹਿਣਾ ਸੀ, ‘ਆਈ ਐਮ ਸਾਰੀ, ਅਮਰਿੰਦਰ !’,  ਇਸ ਤੋਂ ਬਾਅਦ ਮੈਂ ਆਪਣਾ ਅਸਤੀਫਾ ਦੇਣ ਦਾ ਆਖਰੀ ਫੈਸਲਾ ਕੀਤਾ।”

ਕੈਪਟਨ ਨੇ ਕਿਹਾ ਕਿ ਮੈਂ ਦਿੱਲੀ ਘੱਟ ਜਾਂਦਾ ਹਾਂ ਅਤੇ ਦੂਸਰੇ ਬਹੁਤ ਜਾਂਦੇ ਹਨ, ਇਸ ਲਈ ਜਦੋਂ ਉਹ ਉੱਥੇ ਜਾਂਦੇ ਹਨ ਤਾਂ ਉਹ ਕੀ ਕਹਿੰਦੇ ਹਨ, ਮੈਨੂੰ ਨਹੀਂ ਪਤਾ।

Share This Article
Leave a Comment