ਚੰਡੀਗੜ੍ਹ : ਸੈਕਟਰ 17 ਵਿਚ ਵਕੀਲਾਂ ਵੱਲੋਂ ਕਿਸਾਨਾਂ ਦੇ ਸਮਰਥਨ ‘ਚ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਗਈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਸੈਕਟਰ 17 ਦੇ ਪਲਾਜ਼ਾ ਵਿਚ ਵੱਡੀ ਗਿਣਤੀ ਅੰਦਰ ਇਕੱਠਾ ਹੋਏ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਵਕੀਲਾਂ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ, ਪਰ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀ ਹੈ। ਲੋਕਤੰਤਰ ਵਿੱਚ ਸਭ ਨੂੰ ਹੱਕ ਹੈ ਕਿ ਉਹ ਆਪਣੀ ਆਵਾਜ਼ ਸਰਕਾਰ ਦੇ ਖਿਲਾਫ ਉਠਾ ਸਕੇ, ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਗਣਤੰਤਰ ਦਿਵਸ ਮੌਕੇ ਦਿੱਲੀ ਦੇ ਲਾਲ ਕਿਲਾ ‘ਚ ਹੋਈ ਹਿੰਸਾ ‘ਤੇ ਵਕੀਲਾਂ ਨੇ ਪੁਲੀਸ ਅਤੇ ਸਰਕਾਰ ਦੀ ਭੂਮਿਕਾ ਦੀ ਨਿੰਦਾ ਕਰਦੇ ਹੋਏ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਵਕੀਲਾਂ ਨੇ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਸਰਹੱਦਾਂ ‘ਤੇ ਕਿਸਾਨ ਬੈਠੇ ਹੋਏ ਨੇ ਪਰ ਪੁਲੀਸ ਉਨ੍ਹਾਂ ਦੀ ਸੁਰੱਖਿਆ ‘ਚ ਨਾਕਾਮ ਰਹੀ ਹੈ। ਭੀੜ ਵੱਲੋਂ ਅੰਦੋਲਨਕਾਰੀ ਕਿਸਾਨਾਂ ‘ਤੇ ਪੱਥਰਬਾਜ਼ੀ ਕੀਤੀ ਜਾਂਦੀ ਹੈ ਪਰ ਪੁਲੀਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ। ਇਸ ਮੌਕੇ ਮੌਜੂਦ ਬੂਟਾ ਸਿੰਘ ਬੈਰਾਗੀ ਨੇ ਕਿਹਾ ਕਿ ਅੱਜ ਦੇ ਦਿਨ ਨੱਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਕੀਤੀ ਸੀ ਪੂਰਾ ਦੇਸ਼ ਇਸ ਦੇ ਲਈ ਸ਼ਰਮਿੰਦਾ ਹੈ। ਇਸ ਲਈ ਕਿਸਾਨਾਂ ਉੱਪਰ ਪੁਲਿਸ ਅਤੇ ਸਥਾਨਕ ਲੋਕਾਂ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਦੇਖਦੇ ਹੋਏ ਅਸੀਂ ਅੱਜ ਦਾ ਦਿਨ ”ਸ਼ਰਮਿੰਦਗੀ ਦਿਵਸ” ਦੇ ਰੂਪ ‘ਚ ਮਨਾ ਰਹੇ ਹਾਂ। ਕੇਂਦਰ ਸਰਕਾਰ ਦਾ ਰਵੱਈਆ ਸਿਰਫ ਅੰਦੋਲਨਕਾਰੀ ਕਿਸਾਨਾਂ ਲਈ ਨਹੀਂ ਪੂਰੇ ਦੇਸ਼ ਲਈ ਖ਼ਤਰਨਾਕ ਹੈ।

