ਐਡਵੋਕੇਟ ਧਾਮੀ ਦੀ ਜਿੰਮੇਵਾਰੀ!

Global Team
5 Min Read

ਜਗਤਾਰ ਸਿੰਘ ਸਿੱਧੂ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਦੂਜੇ ਸਿੰਘ ਸਾਹਿਬਾਨ ਵਲੋਂ ਦੋ ਦਸੰਬਰ ਨੂੰ ਲਏ ਫ਼ੈਸਲਿਆਂ ਨੂੰ ਲਾਗੂ ਕਰਵਾਉਣ ਦੇ ਮੁੱਦੇ ਉਤੇ ਪੈਦਾ ਹੋਏ ਵਿਵਾਦ ਦਾ ਹੱਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ ਹਰਜਿੰਦਰ ਧਾਮੀ ਦੇ ਹੱਥ ਹੈ? ਜੇਕਰ ਐਡ ਧਾਮੀ ਦੇ ਅਸਤੀਫੇ ਨੂੰ ਲੈ ਕੇ ਸਬੰਧਤ ਧਿਰਾਂ ਦੀ ਹੱਲਚਲ ਵੇਖੀ ਜਾਵੇ ਤਾਂ ੳਸ ਤੋਂ ਤਾਂ ਇਹ ਹੀ ਲਗਦਾ ਹੈ ਕਿ ਆਪਸੀ ਵਿਖਰੇਵਿਆਂ ਦੇ ਬਾਵਜੂਦ ਸਾਰੀਆਂ ਧਿਰਾਂ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਲਈ ਜੋਰ ਪਾ ਰਹੀਆਂ ਹਨ। ਕੇਵਲ ਐਨਾ ਹੀ ਨਹੀਂ ਸਗੋਂ ਧਾਮੀ ਵੱਲੋਂ ਪ੍ਰਧਾਨ ਵਜੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਵੀ ਸਾਰੀਆਂ ਧਿਰਾਂ ਸ਼ਲਾਘਾ ਕਰ ਰਹੀਆਂ ਹਨ । ਇਸ ਤੋਂ ਅਗਲਾ ਮਾਮਲਾ ਵੀ ਸਿੱਧੇ ਤੌਰ ਤੇ ਉਨਾਂ ਨਾਲ ਹੀ ਜਾ ਜੁੜਦਾ ਹੈ । ਉਹ ਸਵਾਲ ਦਾ ਸਬੰਧ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਜੁੜਿਆ ਹੋਇਆ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਧਾਮੀ ਵੱਲੋਂ ਦਿੱਤਾ ਹੋਇਆ ਹੈ ਅਤੇ ਸਿੰਘ ਸਾਹਿਬਾਨ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ ।ਅਸਤੀਫ਼ੇ ਦੀ ਵਾਪਸੀ ਲਈ ਜਿਥੇ ਅੱਜ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨੇ ਧਾਮੀ ਨਾਲ ਉਨਾਂ ਦੇ ਨਿਵਾਸ ਤੇ ਜਾਕੇ ਮੁਲਾਕਾਤ ਕੀਤੀ ਹੈ ਉਥੇ ਇਕੀ ਫ਼ਰਵਰੀ ਨੂੰ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਰਨੀ ਦੀ ਮੀਟਿੰਗ ਵੀ ਬੁਲਾ ਲਈ ਗਈ ਹੈ ਜਿਸ ਵਿੱਚ ਸੁਭਾਵਿਕ ਤੌਰ ਤੇ ਧਾਮੀ ਦਾ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਰੱਦ ਕੀਤਾ ਜਾਵੇਗਾ ।

ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅਸਤੀਫ਼ਾ ਰੱਦ ਕੀਤੇ ਜਾਣ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋ ਉਠਾਏ ਸਵਾਲ ਦਾ ਹੱਲ ਨਿਕਲ ਆਏਗਾ? ਐਡ ਧਾਮੀ ਤਾਂ ਪਹਿਲਾਂ ਹੀ ਪ੍ਰਧਾਨ ਸਨ ਅਤੇ ਉਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਬਾਰੇ ਕੀਤੀ ਟਿੱਪਣੀ ਬਾਅਦ ਆਪਣੀ ਨੈਤਿਕ ਜ਼ਿੰਮੇਵਾਰੀ ਮੰਨਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ । ਇਸ ਦੇ ਨਾਲ ਹੀ ਉਨਾ ਨੇ ਅਕਾਲੀ ਦਲ ਦੀ ਮੈਂਬਰਸ਼ਿਪ ਦੀ ਭਰਤੀ ਲਈ ਸਿੰਘ ਸਾਹਿਬਾਨ ਵਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਇਹ ਅਸਤੀਫ਼ਾ ਉਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਕੇ ਪ੍ਰਵਾਨਗੀ ਲਈ ਬੇਨਤੀ ਕੀਤੀ ਹੈ । ਸਿੰਘ ਸਾਹਿਬਾਨ ਵਲੋਂ ਇਸ ਮਾਮਲੇ ਵਿੱਚ ਕੋਈ ਟਿੱਪਣੀ ਨਹੀਂ ਆਈ। ਦੂਜੇ ਪਾਸੇ ਜਥੇਦਾਰ ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫ਼ਾ ਦੇ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਕੇ ਦਿਸ਼ਾ ਨਿਰਦੇਸ਼ ਦੇਣ ਲਈ ਬੇਨਤੀ ਕੀਤੀ ਹੈ ।ਇਸ ਬਾਅਦ ਅੱਜ ਸੱਤ ਮੈਂਬਰੀ ਕਮੇਟੀ ਦੇ ਬਾਕੀ ਪੰਜ ਮੈਂਬਰਾਂ ਨੇ ਅਕਾਲੀ ਦਲ ਦੀ ਭਰਤੀ ਬਾਰੇ ਸਿੰਘ ਸਾਹਿਬਾਨ ਦੇ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਆ ਰਹੀਆਂ ਮੁਸ਼ਕਲਾਂ ਦੀ ਰਿਪੋਰਟ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਦਿੱਤੀ ਹੈ । ਜਥੇਦਾਰ ਗੁਰਚਰਨ ਸਿੰਘ ਟੌਹੜਾ ਸਭ ਤੋਂ ਲੰਮਾ ਸਮਾਂ ਕਮੇਟੀ ਦੇ ਪ੍ਰਧਾਨ ਰਹੇ ਪਰ ਐਡ ਧਾਮੀ ਵੀ ਚੌਥੀ ਵਾਰ ਕਮੇਟੀ ਦੇ ਪ੍ਰਧਾਨ ਬਣੇ ਹਨ ਅਤੇ ਟੌਹੜਾ ਤੋਂ ਬਾਅਦ ਉਨਾਂ ਦਾ ਸਭ ਤੋਂ ਲੰਮਾ ਕਾਰਜਕਾਲ ਹੈ । ਬੇਸ਼ੱਕ ਜਥੇਦਾਰ ਟੌਹੜਾ ਦੇ ਨਜ਼ਦੀਕੀ ਸਾਥੀ ਰਹੇ ਹਨ ਐਡ ਧਾਮੀ ਪਰ ਮੌਜੂਦਾ ਪ੍ਰਸਥਿਤੀਆਂ ਜਥੇਦਾਰ ਟੌਹੜਾ ਨਾਲੋਂ ਭਿੰਨ ਹਨ। ਜਥੇਦਾਰ ਟੌਹੜਾ ਦੀ ਪ੍ਰਧਾਨਗੀ ਨੂੰ ਲੈ ਕੇ ਬਾਹਰੋਂ ਨਹੀਂ ਸਗੋਂ ਪਾਰਟੀ ਅੰਦਰੋਂ ਹੀ ਕਈ ਮੌਕਿਆਂ ਤੇ ਵਿਰੋਧ ਹੋਇਆ ਅਤੇ ਵਿਰੋਧ ਵੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹੁੰਦਾ ਰਿਹਾ । ਐਡ ਧਾਮੀ ਦੀ ਪ੍ਰਧਾਨਗੀ ਨੂੰ ਲੈਕੇ ਕੋਈ ਰੌਲਾ ਤਾਂ ਦੂਰ ਦੀ ਗੱਲ ਰਹੀ ਸਗੋਂ ਅਸਤੀਫਾ ਵਾਪਸੀ ਲਈ ਸੀਨੀਅਰ ਅਕਾਲੀ ਆਗੂਆਂ ਦਾ ਵਫ਼ਦ ਘਰ ਚੱਲ ਕੇ ਆਇਆ। ਉਨਾਂ ਦਾ ਅਸਤੀਫ਼ਾ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਟਿੱਪਣੀ ਦੇ ਸਤਿਕਾਰ ਵਿੱਚ ਆਇਆ। ਇਹ ਵੀ ਅਹਿਮ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਤੇ ਕਾਬਜ਼ ਧਿਰ ਹੀ ਅਸਤੀਫ਼ਾ ਵਾਪਸ ਲੈਣ ਲਈ ਨਹੀਂ ਆਖ ਰਹੀ ਸਗੋਂ ਕਾਬਜ਼ ਧਿਰ ਦੇ ਵਿਰੋਧ ਵਿੱਚ ਖੜ੍ਹੇ ਸੀਨੀਅਰ ਅਕਾਲੀ ਆਗੂ ਵੀ ਅਸਤੀਫ਼ਾ ਵਾਪਿਸ ਲੈਣ ਲਈ ਆਖ ਰਹੇ ਹਨ। ਪੰਥਕ ਧਿਰਾਂ ਵਿੱਚ ਬਹੁਤ ਦੇਰ ਬਾਅਦ ਅਜਿਹਾ ਮੌਕਾ ਬਣਿਆ ਹੋਵੇਗਾ ਕਿ ਕਿਸੇ ਇਕ ਧਿਰ ਨੇ ਵੀ ਅਸਤੀਫੇ ਦਾ ਸਵਾਗਤ ਨਹੀਂ ਕੀਤਾ ਬੇਸ਼ੱਕ ਉਨਾਂ ਧਿਰਾਂ ਦੇ ਆਪਸੀ ਤਿੱਖੇ ਮਤਭੇਦ ਹਨ ।

ਅਜਿਹੀ ਸਥਿਤੀ ਵਿੱਚ ਪੰਥਕ ਮੁੱਦਿਆਂ ਦੇ ਮਸਲੇ ਦੇ ਹੱਲ ਲਈ ਇਕ ਸਾਦਾ ਕਿਰਦਾਰ ਵਾਲੇ ਪੰਥਕ ਆਗੂ ਧਾਮੀ ਕੋਲੋਂ ਆਸ ਰੱਖਣੀ ਸੁਭਾਵਿਕ ਵੀ ਹੈ ।

ਸੰਪਰਕ/9814002186

Share This Article
Leave a Comment