ਚੰਡੀਗੜ੍ਹ (ਅਵਤਾਰ ਸਿੰਘ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਅਨੁਸਾਰ ਸੰਗਰੂਰ ਅਤੇ ਬਰਨਾਲਾ ਜ਼ਿਲੇ ਦੇ ਕੁਝ ਖੇਤਾਂ ਵਿੱਚ ਝੋਨੇ ਦੀ ਫ਼ਸਲ ਉਪਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ। ਤਣੇ ਦੀ ਗੁਲਾਬੀ ਸੁੰਡੀ ਆਮ ਤੌਰ ‘ਤੇ ਸਤੰਬਰ-ਅਕਤੂਬਰ ਦੇ ਮਹੀਨੇ ਵਿੱਚ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੀ ਹੈ। ਇਸ ਦੀਆਂ ਸੁੰਡੀਆਂ ਝੋਨੇ ਦੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਦੀ ਗੋਭ ਸੁੱਕ ਜਾਂਦੀ ਹੈ ਅਤੇ ਅਖੀਰ ਵਿੱਚ ਬੂਟੇ ਮਰ ਜਾਂਦੇ ਹਨ।
ਪੀ.ਏ.ਯੂ. ਮਾਹਿਰਾਂ ਨੇ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਖਾਸ ਕਰਕੇ ਉਹਨਾਂ ਖੇਤਾਂ ਵਿੱਚ ਜਿੱਥੇ ਝੋਨੇ ਦੀਆਂ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ-44, ਪੀਲੀ ਪੂਸਾ ਆਦਿ ਦੀ ਲਵਾਈ ਕੀਤੀ ਹੋਵੇ।
ਤਣੇ ਦੀ ਗੁਲਾਬੀ ਸੁੰਡੀ ਅਗਲੀ ਬੀਜੀ ਜਾਣ ਵਾਲੀ ਕਣਕ ਦੀ ਫ਼ਸਲ ਤੇ ਵੀ ਨੁਕਸਾਨ ਕਰ ਸਕਦੀ ਹੈ। ਮਾਹਿਰਾਂ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਕਿ ਉਹ ਅਜਿਹੇ ਖੇਤਾਂ ਵਿੱਚ ਕਣਕ ਦੀ ਅਗੇਤੀ ਬਿਜਾਈ ਕਰਨ ਤੋ ਗੁਰੇਜ਼ ਕਰਨ ਜਿੱਥੇ ਝੋਨੇ ਦੀ ਫ਼ਸਲ ਉਪਰ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਹੋਵੇ।
ਜਿੱਥੇ ਝੋਨੇ ਦੇ ਖੇਤਾਂ ਵਿੱਚ ਤਣੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਨਹੀ ਮਿਲਦਾ, ਉਥੇ ਕਣਕ ਦੀ ਫ਼ਸਲ ਦੀ ਬਿਜਾਈ 25 ਅਕਤੂਬਰ ਤੋ ਬਾਅਦ ਸ਼ੁਰੂ ਕੀਤੀ ਜਾ ਸਕਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਅਤੇ ਘੱਟੋ ਘੱਟ ਤਾਪਮਾਨ 16 ਡਿਗਰੀ ਸੈਲਸੀਅਸ ਤੋਂ ਘੱਟ ਹੋ ਜਾਂਦਾ ਹੈ। 15 ਅਕਤੂਬਰ ਦੇ ਆਸ-ਪਾਸ ਬਹੁਤ ਜਲਦੀ ਬੀਜੀ ਗਈ ਕਣਕ ਦੀ ਫ਼ਸਲ ਵਿੱਚ ਉਚ ਤਾਪਮਾਨ ਕਾਰਨ ਵਧੀਆ ਫੁਟਾਰਾ ਨਹੀਂ ਹੋ ਸਕੇਗਾ ਅਤੇ ਮਾਹਿਰਾਂ ਅਨੁਸਾਰ ਇਸ ਨਾਲ ਝਾੜ ਉਪਰ ਅਸਰ ਪੈ ਸਕਦਾ ਹੈ।