ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸਿਹਤਮੰਦ ਸੂਬਾ ਬਣਾਉਣ ਦੇ ਟੀਚੇ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਰਸਿੰਗ ਦੇ ਵਿਦਿਆਰਥੀਆਂ ਨੂੰ ਇੱਕ ਪਿੰਡ ਗੋਦ ਲੈਣ ਅਤੇ ਪਿੰਡ ਵਿੱਚ ਵਸਦੇ ਹਰ ਵਿਅਕਤੀ ਦੇ ਬਲੱਡ ਪ੍ਰੈਸ਼ਰ (ਬੀ.ਪੀ.), ਸ਼ੂਗਰ ਅਤੇ ਵਜ਼ਨ ਦੀ ਜਾਂਚ ਕਰਨ ਲਈ ਕਿਹਾ ਤਾਂ ਜੋ ਪੰਜਾਬ ਨੂੰ ਸਿਹਤਮੰਤ ਸੂਬਾ ਬਣਾਉਣ ਲਈ ਰਾਹ ਪੱਧਰਾ ਕੀਤਾ ਜਾ ਸਕੇ।
ਵਿਦਿਆਰਥੀਆਂ ਨੂੰ ਆਪਣੇ ਵੱਲੋਂ ਪੂਰੇ ਸਮਰਥਨ ਅਤੇ ਸਹੂਲਤਾਂ ਦਾ ਭਰੋਸਾ ਦਿੰਦਿਆਂ ਉਹਨਾਂ ਕਿਹਾ ਕਿ ਲੋਕਾਂ ਨੂੰ ਸਿਰਫ ਪੌਸ਼ਟਿਕ ਭੋਜਨ ਖਾਣ ਅਤੇ ਦਿਨ ਵਿੱਚ ਇੱਕ ਘੰਟਾ ਕਸਰਤ ਭਾਵੇਂ ਸੈਰ ਜਾਂ ਯੋਗਾ ਕਰਨ ਅਤੇ ਮੁਸਕਰਾਉਂਦੇ ਰਹਿਣ ਲਈ ਜਾਗਰੂਕ ਕਰਨ ਲਈ ਵੀ ਕਿਹਾ। ਉਹਨਾਂ ਅੱਗੇ ਕਿਹਾ ਕਿ ਜੇਕਰ ਅਸੀਂ ਲੋਕਾਂ ਨੂੰ ਇਨ੍ਹਾਂ ਤਿੰਨ-ਚਾਰ ਗੱਲਾਂ ਬਾਰੇ ਜਾਗਰੂਕ ਕਰ ਸਕੀਏ ਤਾਂ ਉਹ ਕਦੇ ਵੀ ਕਿਸੇ ਕਿਸਮ ਦੀ ਬਿਮਾਰੀ ਜਾਂ ਮੋਟਾਪੇ ਦਾ ਸ਼ਿਕਾਰ ਨਹੀਂ ਹੋਣਗੇ।
ਡਾ. ਬਲਬੀਰ ਸਿੰਘ ਅੱਜ ਇੱਥੇ ਮਿਉਂਸਪਲ ਭਵਨ ਵਿਖੇ ਪੰਜਾਬ ਨਰਸਿਸ ਰਜਿਸਟ੍ਰੇਸ਼ਨ ਕੌਂਸਲ (ਪੀ.ਐਨ.ਆਰ.ਸੀ.) ਵੱਲੋਂ “ਪ੍ਰਸ਼ਾਸਕੀ ਹੁਨਰ ਅਤੇ ਨਰਸਿੰਗ ਸਿੱਖਿਆ ਵਿੱਚ ਨਵੀਨਤਮ ਰੁਝਾਨ” ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਸ ਵਰਕਸ਼ਾਪ ਦੌਰਾਨ ਇੰਡੀਅਨ ਨਰਸਿੰਗ ਕੌਂਸਲ (ਆਈ.ਐਨ.ਸੀ.) ਦੇ ਪ੍ਰਧਾਨ ਡਾ. ਟੀ ਦਿਲੀਪ ਕੁਮਾਰ, ਸਕੱਤਰ ਡਾ. ਸਰਵਜੀਤ ਕੌਰ ਅਤੇ ਸੰਯੁਕਤ ਸਕੱਤਰ ਕੇ.ਐਸ. ਭਾਰਤੀ ਨੇ ਵੀ ਸ਼ਿਰਕਤ ਕੀਤੀ।
ਨਰਸਿੰਗ ਨੂੰ ਕਿੱਤੇ ਨਾਲੋਂ ਵੱਧ ਜਨੂੰਨ ਦੱਸਦਿਆਂ ਡਾ. ਬਲਬੀਰ ਸਿੰਘ ਨੇ ਸਿਹਤ ਨੀਤੀਆਂ ਨੂੰ ਲਾਗੂ ਕਰਨ ਵਿੱਚ ਨਰਸਾਂ ਦੀ ਭੂਮਿਕਾ ‘ਤੇ ਵੀ ਜ਼ੋਰ ਦਿੱਤਾ ਅਤੇ ਸਮੂਹ ਪ੍ਰਿੰਸੀਪਲਾਂ ਨੂੰ ਕਲੀਨਿਕਲ ਸਿਖਲਾਈ ਦੇ ਮਿਆਰਾਂ ਅਨੁਸਾਰ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਨਰਸਿੰਗ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਨਰਸਿੰਗ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਉਹਨਾਂ ਨੂੰ ਇਹ ਕੰਮ ਦਇਆ ਭਾਵਨਾ ਨਾਲ ਕਰਨ ਲਈ ਉਤਸ਼ਾਹਿਤ ਅਤੇ ਪ੍ਰੇਰਿਤ ਕੀਤਾ ਜਾ ਸਕੇ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.