ਅਵਤਾਰ ਸਿੰਘ
ਸ਼ੈਕਸਪੀਅਰ ਨੇ ਕਿਹਾ ਸੀ ਕਿ ਜੋਤਸ਼ੀ ਕਿਸਮਤ ਵਾਲੇ ਹੁੰਦੇ ਹਨ। ਉਨ੍ਹਾਂ ਦੀਆਂ ਕਹੀਆਂ ਸੌ ਗੱਲਾਂ ਵਿੱਚੋਂ ਜੇ 99 ਝੂਠ ਨਿਕਲ ਜਾਣ ਤਾਂ ਉਨ੍ਹਾਂ ਦੀ ਕੋਈ ਬੇਇਜ਼ਤੀ ਨਹੀਂ ਹੁੰਦੀ ਪਰ ਇਕ ਸੱਚੀ ਗੱਲ ਨਾਲ ਹੀ ਉਨ੍ਹਾਂ ਦੀ ਗੁੱਡੀ ਚੜੵ ਜਾਂਦੀ ਹੈ। ਸਾਲ 2017 ਵਿਚ ਦੋ ਤਿੰਨ ਦਿਨ ਲਗਾਤਾਰ ਹਿੰਦੀ ਖਬਰਾਂ ਦੇ ਇਕ ਪ੍ਰਸਿੱਧ ਚੈਨਲ ਵਲੋਂ ਵਾਇਰਲ ਟੈਸਟ ਵਿੱਚ ਵਾਰ ਵਾਰ ‘ਭਵਿੱਖਬਾਣੀ ਕਰਕੇ’ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਦੁਨੀਆ ਦੇ ਅੰਤ ਦੀ ਆਖਰੀ ਤਾਰੀਖ 31 ਮਈ 2017 ਹੈ, 31ਮਈ ਤੋਂ ਬਾਅਦ ਦੁਨੀਆਂ ਖਤਮ ਹੋ ਜਾਵੇਗੀ।
ਖਬਰਾਂ ਦੇ ਨਾਲ ਪੁਰਾਣੇ ਬੰਬ ਧਮਾਕੇ,ਪ੍ਰਮਾਣੂ ਟੈਸਟ, ਤੂਫਾਨ, ਸੁਨਾਮੀ ਲਹਿਰਾਂ, ਭੂਚਾਲ ਨਾਲ ਹੋਈਆਂ ਤਬਾਹੀਆਂ ਦੇ ਭਿਆਨਕ ਦ੍ਰਿਸ਼ ਵਿਖਾਏ ਜਾ ਰਹੇ ਸਨ। ਖਬਰ ਦੇ ਆਖਰ ਵਿੱਚ ਬੇਸ਼ਕ ਇਸ ਨੂੰ ਕੁਝ ਸੁਆਲਾਂ ਦੇ ਘੇਰੇ ਵਿੱਚ ਰੱਖ ਕੇ ਰੱਦ ਕੀਤਾ ਗਿਆ। ਸੋਚਣ ਦੀ ਲੋੜ ਹੈ ਕੀ ਚੈਨਲ ਆਪਣੀ ਟੀ ਆਰ ਪੀ ਨੂੰ ਵਧਾਉਣ ਲਈ ਇਹੋ ਜਿਹਾ ਪ੍ਰਚਾਰ ਕਰਦੇ ਹਨ ਜਾਂ ਸ਼ੋਸਲ ਮੀਡੀਏ ‘ਤੇ ਇਹੋ ਜਿਹੀਆਂ ਅਫਵਾਹਾਂ ਫੈਲਾਉਣ ਪਿਛੇ ਕੌਣ ਹੈ?
ਪਹਿਲਾਂ ਵੀ ਇਹੋ ਜਿਹਾ ਪ੍ਰਚਾਰ ਹੁੰਦਾ ਰਿਹਾ ਹੈ, ਧਰਤੀ ਤੇ ਸਕਾਈਲੈਬ ਡਿਗੇਗਾ ਦੁਨੀਆ ਖਤਮ ਹੋ ਜਾਵੇਗੀ। ਭਾਰਤ ਵਿੱਚ ਜੋਤਸ਼ੀਆ, ਭਵਿੱਖਬਾਣੀ ਕਰਨ ਵਾਲਿਆਂ ਤੇ ਚਮਤਕਾਰੀ ਬਾਬਿਆਂ ਪਿੱਛੇ ਲਗਣ ਵਾਲੇ ਲਾਈਲਗਾਂ ਦੀ ਪਹਿਲਾਂ ਹੀ ਕਮੀ ਨਹੀਂ।ਪਹਿਲਾਂ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਹੀ ਭਵਿੱਖਬਾਣੀਆਂ ਪੜਨ ਨੂੰ ਮਿਲਦੀਆਂ ਸਨ ਤੇ ਹੁਣ ਟੀ ਵੀ ਚੈਨਲਾਂ ਤੋਂ ਹਰ ਰੋਜ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਪਾਉਣ ਲਈ ਵਿਗਿਆਨ ਦੀਆਂ ਖੋਜਾਂ ਨਾਲ ਬਣਾਏ ਕੰਪਿਊਟਰਾਂ ਦੀ ਮਦਦ ਨਾਲ ਭਵਿੱਖਬਾਣੀਆਂ ਕੀਤੀਆਂ ਜਾ ਰਹੀਆਂ ਹਨ।
ਮਸ਼ਹੂਰ ਜੋਤਸ਼ੀ ਬੇਜਾਨ ਦਾਰੂਵਾਲਾ ਸ਼ੁੱਕਰਵਾਰ ਨੂੰ 90 ਸਾਲ ਦੀ ਉਮਰ ‘ਚ ਦੁਨੀਆ ਤੋਂ ਰੁਖਸਤ ਹੋ ਗਏ ਹਨ। ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਨ ਉਹ ਗੁਜਰਾਤ ਦੇ ਗਾਂਧੀਨਗਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਰਿਪੋਰਟਾਂ ਅਨੁਸਾਰ ਉਹ ਪਿਛਲੇ ਇਕ ਹਫਤੇ ਤੋਂ ਹਸਪਤਾਲ ਵਿੱਚ ਵੈਂਟੀਲੇਟਰ ‘ਤੇ ਸਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਦਾਖਿਲ ਕਰਵਾਇਆ ਗਿਆ ਸੀ। ਬੇਜਾਨ ਦਾਰੂਵਾਲਾ ਨੇ ਆਪਣੀ ਭਵਿੱਖਬਾਣੀ ਕਈ ਵਾਰ ਪੇਸ਼ ਕੀਤੀ ਸੀ।
14 ਦਸੰਬਰ 1503 ਨੂੰ ਫਰਾਂਸ ਦੇ ਕਸਬੇ ਸਿਟੇ ਰੋਮੀ ਡੀ ਪਰੋਵੇਨਸ ਵਿੱਚ ਭਵਿੱਖਬਾਣੀਆਂ ਕਰਨ ਵਾਲਾ ਨਾਸਤਰੇਦਮਸ ਪੈਦਾ ਹੋਇਆ। ਇਸ ਦੀਆਂ ਭਵਿੱਖਬਾਣੀਆਂ ਦੀਆਂ ਦਸ ਸੈਂਚੂਰੀਆਂ ਮਿਲੀਆਂ ਸਨ। ਉਸਨੇ ਆਪਣੇ ਨਾਨੇ ਕੋਲੋਂ ਜੋਤਿਸ਼ ਲਾਉਣਾ ਸਿਖਿਆ। ਉਸਨੇ ਡਾਕਟਰੀ ਕਿਤੇ ਨੂੰ ਅਪਣਾਇਆ ਉਸਦੀ ਪਤਨੀ ਤੇ ਬਚਿਆਂ ਦੀ ਮੌਤ ਪਲੇਗ ਹੋਣ ਨਾਲ ਹੋ ਗਈ। ਫਿਰ ਉਸਨੇ ਦੂਜਾ ਵਿਆਹ ਕਰਵਾਇਆ। 1550 ਵਿੱਚ ਡਾਕਟਰੀ ਛੱਡ ਕੇ ਭਵਿੱਖਬਾਣੀਆਂ ਲਿਖਣ ਲੱਗ ਪਿਆ।
1991 ਨੂੰ ਭਾਰਤ ਵਿੱਚ ਉਸ ਦੀ ਭਵਿੱਖ ਬਾਣੀ ਦੇ ਅਧਾਰਤ ਕਈ ਕਿਤਾਬਾਂ ਛਪੀਆਂ। ਅਖਬਾਰਾਂ ਵਾਲਿਆਂ ਵੀ ਕਿਤਾਬਾਂ ਪੜ ਕੇ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਛੇ ਫਰਵਰੀ 1994 ਵਿਚ ਨਾਸਤਰੇਦਮਸ ਤੇ ਉਸਦੀਆਂ ਲਗਭਗ 20 ਭਵਿੱਖਬਾਣੀਆਂ ਬਾਰੇ ਲੇਖ ਛਪੇ। ਜਿਨ੍ਹਾਂ ਵਿਚ ਇਹ ਭਵਿੱਖ ਬਾਣੀ ਕੀਤੀ ਗਈ ਕਿ 1994 ਨੂੰ ਭਾਰਤ ਵਿਚ ਆਰਥਿਕ ਸੰਕਟ ਪਰ ਉਸ ਕੋਈ ਆਰਥਿਕ ਸੰਕਟ ਨਹੀਂ ਆਇਆ।
1995 ਵਿਚ ਕਿਊਬਾ ਦਾ ਫੀਡਲ ਕਾਸਟਰੋ ਧਨ, ਮਾਲ ਲੈ ਕੇ ਫਰਾਰ ਹੋ ਕੇ ਦੱਖਣੀ ਅਮਰੀਕਾ ਵਿੱਚ ਸ਼ਰਨ ਲਵੇਗਾ ਪਰ ਉਹ ਨਵੰਬਰ 2016 ਤਕ ਕਿਊਬਾ ਵਿੱਚ ਰਿਹਾ। ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੁਬਾਰਾ ਚੋਣ ਨਹੀਂ ਲੜੇਗਾ ਤੇ ਉਸਦੀ ਪਤਨੀ ਹਿਲੇਰੀ ਕਲਿੰਟਨ ਚੋਣ ਜਿੱਤੇਗੀ ਪਰ ਕਲਿੰਟਨ ਦੁਬਾਰਾ ਰਾਸ਼ਟਰਪਤੀ ਬਣਿਆ। 1998 ਵਿੱਚ ਅਮੈਜਨ ਦੇ ਜੰਗਲਾਂ ਵਿਚੋਂ ਇਕ ਦਵਾਈ ਤਿਆਰ ਹੋਵੇਗੀ ਜਿਹੜੀ ਏਡਜ, ਕੈਂਸਰ ਤੇ ਜੋੜ ਦਰਦਾਂ ਦਾ ਪੂਰਾ ਇਲਾਜ ਕਰੇਗੀ ਪਰ ਅਜ ਤਕ ਉਹ ਦਵਾਈ ਨਹੀਂ ਬਣੀ।
1999 ਦਿੱਲੀ ਦੇ ਦੁਆਲੇ ਪ੍ਰਮਾਣੂ ਧਮਾਕਾ ਹੋਵੇਗਾ, ਹਜ਼ਾਰਾਂ ਲੋਕ ਮਾਰੇ ਜਾਣਗੇ ਤੇ ਹਜ਼ਾਰਾਂ ਪ੍ਰਭਾਵਤ ਹੋਣਗੇ ਪਰ ਕੁਝ ਅਜਿਹਾ ਨਹੀ ਵਾਪਰਿਆ। 2004 ਜਾਹਨ ਆਫ ਕਨੇਡੀ ਜੂਨੀਅਰ ਅਮਰੀਕਾ ਦਾ ਪ੍ਰਧਾਨ ਚੁਣਿਆ ਜਾਵੇਗਾ ਪਰ 2004 ਵਿਚ ਜਾਰਜ ਬੁਸ਼ ਦੂਜੀ ਵਾਰ ਪ੍ਰਧਾਨ ਬਣੇ। ਭਾਰਤੀ ਜੋਤਸ਼ੀ ਕੇ ਸੁਮੀਤ ਬੰਗਲੌਰ ਨੇ 2003 ਵਿੱਚ ਭਵਿੱਖ ਬਾਣੀ ਕੀਤੀ ਕਿ ਦੇਸ਼ ਦਾ ਵੱਡਾ ਘਰਾਣੇ ਬੰਦ ਹੋ ਜਾਵੇਗਾ ਪਰ ਅੱਜ ਤਕ ਕੋਈ ਵਡਾ ਘਰਾਣੇ ਬੰਦ ਨਹੀਂ ਹੋਇਆ। ਦਿੱਲੀ ਦੇ ਇਕ ਪ੍ਰਸਿੱਧ ਜੋਤਸ਼ੀ ਨੇ 2004 ਬੜੇ ਧੜੱਲੇ ਨਾਲ ਕਾਂਗਰਸ ਪਾਰਟੀ ਜਿਤਣ ਉਪਰੰਤ ਭਵਿੱਖ ਬਾਣੀ ਕੀਤੀ ਕਿ ਹੁਣ ਤਕ ਜਿੰਨੇ ਪ੍ਰਧਾਨ ਮੰਤਰੀ ਬਣੇ ਹਨ ਉਨ੍ਹਾਂ ਦੇ ਨਾਮ ਵਿਚ ‘ਰ’ ਸ਼ਬਦ ਆਉਦਾ ਰਿਹਾ ਹੈ ਇਸ ਲਈ ਸੋਨੀਆ ਗਾਂਧੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੀ ਪਰ ਉਸਨੇ ‘ਰ’ ਸ਼ਬਦ ਤੋਂ ਬਿਨਾਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਕੇ ਉਸਦੀ ਖੁੰਭ ਠੱਪ ਦਿਤੀ।
40 ਸਾਲ ਪਹਿਲਾਂ ਹੁਸ਼ਿਆਰਪੁਰ ਦੇ ਪ੍ਰਸਿੱਧ ਜੋਤਸ਼ੀ ਬਿਰਜੂ ਸੰਹਿਤਾ ਨੇ ਭਵਿਖ ਬਾਣੀ ਕੀਤੀ ਕਿ ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ 1999 ਤੱਕ ਜੀਉਂਦਾ ਰਹੇਗਾ ਪਰ ਉਹ 20-3-2014 ਤੱਕ ਜੀਉਂਦਾ ਰਿਹਾ। ਹੈਦਰਾਬਾਦ ਦੀ ਪ੍ਰਸਿੱਧ ਅਨੀਤਾ ਰਾਜ ਨਰਾਇਣ ਜੋ ਐਮ ਬੀ ਏ ਹੈ ਤੇ ਟੈਸਟ ਕਾਰਡਾਂ ਰਾਂਹੀ ਜੋਤਿਸ਼ ਲਾਉਦੀ ਹੈ ਨੇ ਫਿਲਮੀ ਹਸਤੀ ਐਸ਼ਵਰਿਆ ਰਾਏ ਤੇ ਸਲਮਾਨ ਖਾਨ ਨਾਲ 2003 ਦੇ ਅੰਤ ਤੱਕ ਵਿਆਹ ਦੀ ਭਵਿੱਖਬਾਣੀ ਕੀਤੀ ਸੀ ਜਦ ਕਿ ਉਸਦਾ ਵਿਆਹ ਅਭਿਸ਼ੇਕ ਬੱਚਨ ਨਾਲ ਹੋਇਆ। ਦਿੱਲੀ ‘ਚ ਚੋਣਾਂ ਸਮੇਂ ਕਈ ਜੋਤਸ਼ੀ ਭਾਜਪਾ ਸਰਕਾਰ ਬਨਣ ਤੇ ਕਿਰਨ ਬੇਦੀ ਦੇ ਮੁੱਖ ਮੰਤਰੀ ਬਨਣ ਦੀ ਭਵਿੱਖ ਬਾਣੀ ਦੇ ਤੁੱਕੇ ਲਾ ਕੇ ਲੋਕਾਂ ਦੀ ਮਾਨਸਕਿਤਾ ਨੂੰ ਬਦਲਣ ਦੇ ਜੋਰ ਲਾਉਦੇ ਰਹੇ ਪਰ ਉਹ ਐਮ ਐਲ ਏ ਵੀ ਨਾ ਬਣ ਸਕੀ।
ਜੋਤਿਸ਼ ਵਿਦਿਆ ਨੂੰ ਸਿਲੇਬਸ ਦਾ ਹਿੱਸਾ ਬਨਾਉਣ ਦੀ ਵਕਾਲਤ ਕਰਨ ਵਾਲਾ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਆਪਣੀ ਚੋਣ ਹਾਰ ਦਾ ਵੀ ਜੋਤਿਸ਼ ਨਾ ਲਵਾ ਸਕਿਆ। ਕੋਈ ਵੀ ਜੋਤਸ਼ੀ ਦੁਰਘਟਨਾਵਾਂ, ਕਤਲਾਂ, ਬਲਾਤਕਾਰਾਂ, ਤੁਫਾਨਾਂ, ਭੁਚਾਲਾਂ ਜਾਂ ਮੁਸੀਬਤਾਂ ਬਾਰੇ ਕਦੇ ਨਹੀਂ ਦਸ ਸਕਿਆ ਤੇ ਨਾ ਹੀ ਦਸ ਸਕੇਗਾ। ਜੋਤਿਸ਼ ਦੀ ਪੜ੍ਹਾਈ ਸੰਵਿਧਾਨ ਦੀ ਧਾਰਾ 51 ਏ ਦੀ ਉਲੰਘਣਾ ਹੈ, ਇਸ ਧਾਰਾ ਅਨੁਸਾਰ ਅੰਧਵਿਸ਼ਵਾਸਾਂ ਨੂੰ ਖਤਮ ਕਰਕੇ ਵਿਗਿਆਨਕ ਨਜ਼ਰੀਆ ਵਿਕਸਤ ਕਰਨਾ ਹਰ ਨਾਗਰਿਕ ਦਾ ਕਰਤਵ ਹੈ।