ਚੰਡੀਗੜ੍ਹ: (ਅਵਤਾਰ ਸਿੰਘ ): ਕੌਮਾਂਤਰੀ ਜੈਵਿਕ-ਵਿਭਿੰਨਤਾ ਦੇ ਦਿਵਸ 2021 ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਜੈਵਿਕ ਵਿਭਿੰਨਤਾ ਐਕਟ ਅਧੀਨ ਉਦਯੋਗ, ਵਾਧੂ ਲਾਭ ਤੇ ਸਹਿਭਾਗਤਾ ਦੇ ਵਿਸ਼ੇ ‘ਤੇ ਕਨਫ਼ਡਰੇਸ਼ਨ ਇੰਡੀਅਨ ਇੰਡਸਟਰੀ (ਸੀ.ਆਈ.ਆਈ) ਨਾਲ ਮਿਲ ਕੇ ਸਾਂਝੇ ਤੌਰ ‘ਤੇ ਪੰਜਾਬ ਜੈਵਿਕ-ਵਿਭਿੰਨਤਾ ਬੋਰਡ ਚੰਡੀਗੜ੍ਹ ਦੇ ਸਹਿਯੋਗ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰਤ ਦੇ 300 ਤੋਂ ਵੱਧ ਸਨਅਤਕਾਰਾਂ, ਮਾਹਿਰਾਂ, ਵਿਗਿਆਨੀਆਂ, ਜੀਵ ਵਿਗਿਆਨ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਇਸ ਮੌਕੇ ਰਾਸ਼ਟਰੀ ਜੈਵਿਕ-ਵਿਭਿੰਨਤਾ ਬੋਰਡ ਦੇ ਚੇਅਰਮੈਨ ਡਾ. ਵੀ.ਬੀ ਮਾਥੁਰ ਨੇ “ਉਦਯੋਗ ਅਤੇ ਵਾਧੂ ਲਾਭ ਸਹਿਭਾਗਤਾ” ਦੀ ਕੌਮਾਂਤਰੀ ਅਤੇ ਕੌਮੀ ਮਹਹੱਤਾ ਤੋਂ ਵੈਬਨਾਰ ਵਿਚ ਹਾਜ਼ਰ ਲੋਕਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਉਦੋਯਗ, ਵਾਧੂ ਲਾਭ ਤੇ ਸਹਿਭਾਗਤਾ (ਏ.ਬੀ.ਐਸ) ਸਥਾਈ ਵਿਕਾਸ ਦਾ ਇਕ ਅਹਿਮ ਔਜ਼ਾਰ ਬਣ ਸਕਦਾ ਹੈ। ਇਸ ਦਾ ਉਦੇਸ਼ ਜੈਵਿਕ ਸਰੋਤਾਂ ਦੀ ਸਥਾਈ ਵਰਤੋਂ ਅਤੇ ਸਾਂਭ-ਸੰਭਾਲ ਦੇ ਨਾਲ ਨਾਲ ਟਿਕਾਊ ਵਿਕਾਸ ਦੀ ਦਰ ਨੂੰ ਅੱਗੇ ਤੋਰਨਾ ਹੈੇ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਏ.ਬੀ.ਐਸ ਨੂੰ ਲਾਗੂ ਕਰਨ ਵਿਚ ਮੋਹਰੀ ਦੇਸ਼ ਹੈ ਅਤੇ ਦੂਸਰੇ ਦੇਸ਼ ਸਾਡੇ ਵੱਲ ਦੇਖ ਕੇ ਇਸ ਨੂੰ ਲਾਗੂ ਕਰ ਰਹੇ ਹਨ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੂਸਰੇ ਦੇਸ਼ਾਂ ਵਿਚ ਅਜੇ ਵੀ ਜੈਵਿਕ-ਵਿਭਿੰਨਤਾ ਦੇ ਰੱਖ-ਰਖਾਵ (ਸੀ.ਬੀ.ਡੀ) ਅਧੀਨ ਧਾਰਾ 15,16 ਅਤੇ 19 ਅਧੀਨ ਉਦਯੋਗ, ਵਾਧੂ ਲਾਭ ਤੇ ਸਹਿਭਾਗਤਾ ਨੂੰ ਲਾਗੂ ਕਰਨ ਦੀ ਰਫ਼ਤਾਰ ਬਹੁਤ ਮੱਠੀ ਹੈ।
ਇਸ ਮੌਕੇ ਕਨਫ਼ਡਰੇਸ਼ਨ ਆਫ਼ ਇੰਡੀਅਨ ਇੰਡਸਟਰੀਜ਼ ਚੰਡੀਗੜ੍ਹ ਦੇ ਚੇਅਰਮੈਨ ਅਤੇ ਪ੍ਰਸਿੱਧ ਉਦਯੋਗਪਤੀ ਬਹਾਵਦੀਪ ਸਰਦਾਨਾ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਦੱਸਿਆ ਕਿ ਕੁਦਰਤੀ ਸਰੋਤਾਂ ਦੀ ਵੰਡ ਦੁਨੀਆਂ ਵਿਚ ਇਕੋ ਜਿਹੀ ਨਹੀਂ ਹੈ ਅਤੇ ਜਿਹੜੇ ਦੇਸ਼ਾਂ ਵਿਚ ਜੈਵਿਕ ਸਰੋਤਾਂ ਬਹਤਾਤ ਹੈ, ਉਹ ਇਹਨਾਂ ਦੀ ਸਮਝਦਾਰੀ ਨਾਲ ਵਰਤੋਂ ਕਰਕੇ ਆਰਥਿਕ ਸਥਾਈ ਵਿਕਾਸ ਦੀ ਦਰ ਨੂੰ ਅੱਗੇ ਵਧਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਿੱਥੇ ਪੌਦੇ, ਰੋਗਾਣੂ ਅਤੇ ਜਾਨਵਰ ਗੁੰਝਲਦਾਰ ਤੇ ਨਾਜ਼ੁਕ ਵਾਤਾਵਰਣ ਦੇ ਸੰਤੁਲਨ ਨੂੰ ਬਣਾਈ ਰੱਖਦੇ ਹਨ ਅਤੇ ਉੱਥੇ ਹੀ ਦੇਸ਼ ਦੇ ਆਰਥਿਕ ਵਿਕਾਸ ਵਿਚ ਵੀ ਇਹਨਾਂ ਦਾ ਮਹੱਤਵਪੂਰਨ ਰੋਲ ਹੈ। ਉਨ੍ਹਾ ਕਿਹਾ ਕਿ ਅਨੁਵੰਸ਼ਕ ਸਰੋਤਾਂ ਤੱਕ ਪਹੁੰਚ ਅਤੇ ਸਾਰਿਆਂ ਨੂੰ ਇਕੋ ਜਿਹੇ ਲਾਭ, ਸਾਨੂੰ ਕੁਦਰਤੀ ਸਾਧਨਾਂ ਦੇ ਰੱਖ-ਰਖਾਵ ਵੱਲ ਅਗਰਸਰ ਕਰਨਗੇ। ਇਹਨਾਂ ਯਤਨਾਂ ਦੇ ਸਦਕਾ ਹੀ ਕੁਦਰਤੀ ਸਰੋਤਾਂ ਦਾ ਸਥਾਈ ਵਿਕਾਸ ਲਈ ਵੱਧ ਤੋਂ ਵੱਧ ਲਾਹਾ ਲਿਆ ਜਾ ਸਕਦਾ ਹੈੇ।
ਇਸ ਮੌਕੇ ਰਾਸ਼ਟਰੀ ਜੈਵਿਕ ਵਿਭਿੰਨਤਾ ਅਥਾਰਟੀ ਦੇ ਸਕੱਤਰ ਜਸਟਿਨ ਮੋਹਨ,ਆਈ.ਐਫ਼.ਐਸ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਉਦਯੋਗ ਅਤੇ ਵਾਧੂ ਲਾਭ ਸਹਿਭਾਗਤਾ (ਏ.ਬੀ.ਐਸ) ਦੀਆਂ ਸੇਧ – ਲੀਹਾ ਅਨੁੰਵਸ਼ਕ ਜੈਵਿਕ ਸਰੋਤਾਂ ਤੱਕ ਪਹੁੰਚ ਅਤੇ ਇਹਨਾਂ ਨੂੰ ਪ੍ਰਾਪਤ ਕਰਨ ਦੀ ਪ੍ਰੀਕ੍ਰਿਆ ਪ੍ਰਤੀ ਸਾਨੂੰ ਜਾਗਰੂਕ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਉਦਯੋਗਾਂ ਵਲੋਂ ਇਹਨਾਂ ਸੇਧ ਲੀਂਹਾਂ ਨੂੰ ਆਪਣੇ ਆਪ ਹੀ ਲਾਗੂ ਕਰਕੇ ਇਹਨਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਕੁਝ ਸਨਅਤਾਂ ਤਾਂ ਦੂਜਿਆਂ ਲਈ ਰੋਲ ਮਾਡਲ ਵਜੋਂ ਉਭਰ ਕੇ ਸਾਹਮਣੇ ਆਈਆਂ ਹਨ।
ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਕ ਅਨੁਮਾਨ ਦੇ ਮੁਤਾਬਕ ਜੈਵਿਕ-ਸਰੋਤ ਦੁਨੀਆਂ ਵਿਚ 125 ਟ੍ਰਿਲੀਅਨ ਡਾਲਰ ਦੀਆਂ ਸੇਵਾਵਾਂ ਦਿੰਦੇ ਹਨ। ਇਸ ਲਈ ਹਰੇਕ ਦੇਸ਼ ਨੂੰ ਜੈਵਿਕ ਸਰੋਤਾਂ ਨੂੰ ਮਹਹੱਤਾ ਦੇਣ ਦਾ ਪ੍ਰਭੂਸਤਾ ਅਧਿਕਾਰ ਹੈ।ਉਨ੍ਹਾਂ ਦੱਸਿਆ ਕਿ ਜੈਵਿਕ ਸਰੋਤਾਂ ਪੱਖੋਂ ਭਾਰਤ ਬਹੁਤ ਅਮੀਰ ਦੇਸ਼ ਹੈ। ਉਨ੍ਹਾ ਕਿਹਾ ਕਿ ਕਿ ਜੰਗਲਾਂ ਦੀ ਕਟਾਈ, ਜੰਗਲੀ ਜੀਵਾਂ ਦੇ ਟਿਕਾਣਿਆਂ ਦੇ ਕਬਜੇ ਕਰਨ ਅਤੇ ਉਹਨਾਂ ਦੇ ਖਾਤਮੇ, ਸਾਲ ਵਿਚ ਇਕ ਤੋਂ ਵੱਧ ਫ਼ਸਲਾਂ ਲੈਣ ਦੀ ਲਾਲਸਾ ਸਮੇਤ ਮਨੁੱਖੀ ਗਤੀਵਿਧੀਆਂ ਦੇ ਕਾਰਨ ਜਲਵਾਯੂ ਇੰਨੀ ਤੇਜੀ ਨਾਲ ਬਦਲ ਰਿਹਾ ਕਿ ਇਸ ਨੇ ਕੁਦਰਤ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜੇਕਰ ਅਸੀਂ ਇਸ ਹੀ ਰਾਹ ‘ਤੇ ਚਲਦੇ ਰਹੇ ਅਤੇ ਜੈਵਿਕ-ਵਿਭਿੰਨਤਾ ਦਾ ਖਤਾਮਾ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿਚ ਸਾਡਾ ਜਿਉਣਾ ਮੁਸ਼ਕਲ ਹੋ ਜਾਵੇਗਾ। ਸਾਡੇ ਖਾਣ ਲਈ ਕੁਝ ਨਹੀਂ ਰਹੇਗਾ ਅਤੇ ਨਾ ਹੀ ਸਾਡੇ ਰਹਿਣ ਲਈ ਸਵੱਛ ਵਾਤਾਵਰਣ ਰਹੇਗਾ। ਕੋਵਿਡ -19 ਮਹਾਂਮਾਰੀ ਦਾ ਸੰਕਟ ਸਾਡੇ ਸਾਰਿਆਂ ਸਾਹਮਣੇ ਇਕ ਜਿਉਂਦੀ ਜਾਗਦੀ ਮਿਸਾਲ ਹੈ ਕਿ ਜਦੋਂ ਅਸੀਂ ਜੈਵਿਕ ਵਿਭਿੰਨਤਾ ਦਾ ਨਾਸ਼ ਕਰਾਂਗੇ ਤਾਂ ਸਾਡੀ ਜ਼ਿੰਦਗੀ ਖਤਰੇ ਵਿਚ ਪੈ ਜਾਵੇਗੀ। ਕੁਦਰਤ ਨੇ ਸਾਨੂੰ ਇਹ ਸੰਦੇਸ਼ ਦਿੱਤਾ ਹੈ ਜੈਵਿਕ-ਵਿਭਿੰਨਤਾਂ ਨੂੰ ਬਚਾਉਣ ਲਈ ਹੁਣ ਸਾਨੂੰ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ ਜੀ.ਅਈ.ਜੈਡ ਦੀ ਡਾ. ਗੀਥਾ ਨਾਇਕ ਨੇ ਕਿਹਾ ਕਿ ਕੁਦਰਤੀ ਸਾਧਨਾਂ ਦੀ ਸਰੁੱਖਿਆਂ ਵਿਸ਼ਵ ਦੀ ਆਰਥਿਕਤਾਂ ਦੀ ਮਦਦਗਾਰ ਹੈ ਅਤੇ ਜਿੱਥੇ ਇਹ ਲੋਕਾਂ ਲਈ ਨੌਕਰੀਆਂ ਪੈਦਾ ਕਰਦੇ ਹਨ, ਉੱਥੇ ਹੀ ਰੋਜ਼ੀ-ਰੋਟੀ ਦਾ ਜ਼ਰੀਆ ਵੀ ਬਣਦੇ ਹਨ। ਉਦਯੋਗ , ਵਾਧੂ ਲਾਭ ਤੇ ਸਹਿਭਾਗਤਾ, ਸਨਅਤ ਅਤੇ ਜੈਵਿਕ-ਵਿਭਿੰਨਤਾ ਦਾ ਅਟੁੱਟ ਹਿੱਸਾ ਹੈ।
ਇਸ ਮੌਕੇ “ਉਦਯੋਗ, ਵਾਧੂ ਲਾਭ ਤੇ ਸਹਿਭਾਗਤਾ” ਕੈਟਾਗਿਰੀ ਵਿਚ ਭਾਰਤ ਜੈਵਿਕ ਵਿਭਿੰਨਤਾ 2021 ਐਵਾਰਡ ਦੇ ਹਾਂਸਲ ਕਰਨ ਵਾਲੀ ਹੈਦਰਾਬਾਦ ਦੀ ਵਲੈਗਰੋ ਬਾਇਓਸਾਇੰਸਸ ਦੇ ਦੇਸ਼ ਮੈਨੇਜਰ ਸੰਜੇ ਕੁਮਾਰ ਨੇ ਕਿਹਾ ਕਿ ਏ.ਬੀ.ਐਸ ਦਾ ਉਦੇਸ਼ ਉਤਪਾਦਕ ਅਤੇ ਉਪਭੋਗਤ ਨੂੰ ਜੈਵਿਕ-ਸਰੋਤਾਂ ਦਾ ਬਰਾਬਰ ਲਾਭ ਦੇਣਾ ਹੈ, ਜਿਹਨਾਂ ਨਾਲ ਕੁਦਰਤੀ ਸਾਧਨਾਂ ਦੇ ਰੱਖ-ਰਖਾਵ ਲਈ ਖੋਜਾਂ ਦੇ ਨਵੇਂਨਵੇਂ ਰਾਹ ਖੁੱਲੇ ਹਨ। ਇਸ ਲਈ ਜੈਵਿਕ-ਸਰੋਤਾਂ ਤੱਕ ਪਹੁੰਚ ਅਤੇ ਲਾਭ ਸਹਿਭਾਗਤਾ ਟਿਕਾਊ ਵਿਕਾਸ ਦੀ ਕੁੰਜੀ ਹੈ। ਇਸ ਮੌਕੇ ਪੰਜਾਬ ਜੈਵਿਕ-ਵਿਭਿੰਨਤਾ ਬੋਰਡ ਦੀ ਮੈਂਬਰ ਸਕੱਤਰ ਡਾ. ਜਤਿੰਦਰ ਕੌਰ ਅਰੋੜਾ ਨੇ ਕਿਹਾ ਕਿ ਪੰਜਾਬ ਜੈਵਿਕ-ਵਿਭਿੰਨਤਾ ਬੋਰਡ ਜੰਗਲੀ ਅਤੇ ਸਥਾਈ ਜੀਵ-ਜੰਤੂਆਂ ਦੇ ਰੱਖ-ਰਖਾਵ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੇ ਅਤੇ ਇਸ ਉਦੇਸ਼ ਜੈਵਿਕ ਸਰੋਤਾਂ ਦੀ ਸਥਾਈ ਵਰਤੋਂ ਨੂੰ ਉਤਸ਼ਹਿਤ ਕਰਨ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੌਮਾਂਤਰੀ ਜੈਵਿਕ-ਵਿਭਿੰਨਤਾ ਦਿਵਸ ‘ਤੇ ਦਵਾਈਆਂ ਵਿਚ ਵਰਤੀਆਂ ਜਾਣ ਵਾਲੀਆਂ ਜੜ੍ਹੀਆਂ ਬੂਟੀਆਂ ਦੇ ਵਿਸ਼ੇ ‘ਤੇ ਅਯੂਰੈਵਦ ਵਿਭਾਗ ਦੇ ਸੇਵਾ ਮੁਕਤ ਸਿਹਤ ਅਧਿਕਾਰੀ ਡਾ. ਐਸ ਮਹੋਤਰਾ ਵਲੋਂ ਵੀ ਜਾਣਕਾਰੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਜੈਵਿਕ-ਵਿਭਿੰਨਤਾ ਨੂੰ ਦਰਸਾਉਂਦੇ ਵਿਦਿਆਰਥੀਆਂ ਲੇਖ-ਲਿਖਣ ਦੇ ਮੁਕਾਬਲੇ ਵੀ ਕਰਵਾਏ ਜਿਹਨਾਂ ਦੇ ਨਤੀਜੇ ਵਿਸ਼ਵ ਵਾਤਾਵਰਣ ਦਿਵਸ ‘ਤੇ ਐਲਾਨੇ ਜਾਣਗੇ।