ਚੰਡੀਗੜ੍ਹ ( ਦਰਸ਼ਨ ਸਿੰਘ ਖੋਖਰ ): ਲਾਲਚੀ ਪ੍ਰਵਿਰਤੀ ਦੇ ਇਸ ਦੌਰ ਵਿੱਚ ਮਨੁੱਖੀ ਰਿਸ਼ਤੇ ਹੁਣ ਤਾਰ-ਤਾਰ ਹੋਣ ਲੱਗ ਪਏ ਹਨ। ਜਿਸ ਦੀ ਤਾਜ਼ਾ ਉਦਾਹਰਨ ਹਨ ਐੱਸਏਐੱਸ ਨਗਰ ਮੋਹਾਲੀ ਫੇਜ਼ -2 ਦੀ ਬਜ਼ੁਰਗ ਔਰਤ ਸ਼ੀਲ ਲੂਥਰਾ। ਸ਼ੀਲ ਲੂਥਰਾ ਦੀ ਵੱਡੀ ਧੀ ਨੇ ਲੁਧਿਆਣਾ ਸਥਿਤ ਫੈਕਟਰੀਆਂ , ਪਲਾਟ ਤੇ ਰਕਮਾਂ ਤਾਂ ਆਪਣੀ ਮਾਂ ਤੇ ਪਿਓ ਦੀ ਜਾਇਦਾਦ ਵਿੱਚੋਂ ਹੜੱਪ ਲਈਆਂ ਪਰ ਹੁਣ ਉਹ ਆਪਣੀ 84 ਸਾਲਾ ਮਾਂ ਨੂੰ ਬਿਲਕੁਲ ਹੀ ਭੁੱਲ ਗਈ ਹੈ।
ਸ਼ੀਲ ਲੂਥਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਧੀ ਅਤੇ ਜਵਾਈ ਨੇ ਜਾਇਦਾਦ ਵਿੱਚੋਂ 90 ਫ਼ੀਸਦੀ ਹਿੱਸਾ ਤਾਂ ਧੱਕੇ ਨਾਲ ਲੈ ਲਿਆ ਪਰ ਹੁਣ ਉਸ ਦੀ ਵੱਡੀ ਧੀ ਨੇ 6 ਸਾਲ ਤੋਂ ਉਸ ਦਾ ਦੁੱਖ ਸੁੱਖ ਪੁੱਛਣਾ ਹੀ ਬੰਦ ਕਰ ਦਿੱਤਾ ਹੈ। ਉਹ ਇੰਨੀ ਬੇਦਰਦੀ ਹੋ ਗਈ ਹੈ ਕਿ ਫੋਨ ‘ਤੇ ਵੀ ਗੱਲ ਨਹੀਂ ਕਰਦੀ। ਹੋਰ ਤਾਂ ਹੋਰ ਉਸ ਦੇ ਦੋਹਤਿਆਂ ਨੂੰ ਵੀ ਫੋਨ ‘ਤੇ ਗੱਲ ਕਰਨ ਤੋਂ ਮਨ੍ਹਾਂ ਕੀਤਾ ਜਾਂਦਾ ਹੈ। ਇਲਾਜ ਕਰਵਾਉਣ ਦੀ ਸਿਰਦਰਦੀ ਤਾਂ ਉਹ ਬਿਲਕੁੱਲ ਵੀ ਮੁੱਲ ਨਹੀਂ ਲੈਂਦੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸੀਨੀਅਰ ਸਿਟੀਜ਼ਨ ਦੇ ਪੱਖ ਲਈ ਬਣੇ ਕਾਨੂੰਨਾਂ ਤਹਿਤ ਉਨ੍ਹਾਂ ਐਸਏਐਸ ਨਗਰ ਮੁਹਾਲੀ ਦੇ ਐਸਡੀਐਮ ਦੀ ਅਦਾਲਤ ਵਿੱਚ ਆਪਣੀ ਧੀ ਖ਼ਿਲਾਫ਼ ਕੇਸ ਕੀਤਾ ਹੈ। ਜਿਸ ਦੀ ਸੁਣਵਾਈ 30 ਸਤੰਬਰ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸਦੀ ਧੀ ਨੂੰ ਉਸਦੀ ਕੋਈ ਪ੍ਰਵਾਹ ਨਹੀਂ ਤਾਂ ਫਿਰ ਉਹ ਆਪਣੇ ਮਾਪਿਆਂ ਦੀ ਜਾਇਦਾਦ ਵਾਪਸ ਕਰੇ। ਉਨ੍ਹਾਂ ਇਹ ਦੋਸ਼ ਵੀ ਲਗਾਇਆ ਕਿ ਉਸ ਦੀ ਧੀ ਨੇ ਉਸ ਦਾ ਹਾਲ ਚਾਲ ਤਾਂ ਕੀ ਪੁੱਛਣਾ ਸੀ, ਉਲਟਾ ਉਸ ਦੇ ਇੱਕੋ ਇੱਕ ਛੋਟੇ ਜਿਹੇ ਫਲੈਟ ‘ਤੇ ਵੀ ਉਸ ਦੀ ਧੀ ‘ਤੇ ਜਵਾਈ ਨੇ ਅੱਖ ਰੱਖੀ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਫੋਨ ‘ਤੇ ਸ਼ੀਲ ਲੂਥਰਾ ਦੇ ਜਵਾਈ ਅਤੇ ਧੀ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਫੋਨ ਹੀ ਕੱਟ ਦਿੱਤਾ।