ਲੁਧਿਆਣਾ : ਆਪਣੇ ਘਰ ਦੇ ਗੁਜਾਰੇ ਅਤੇ ਰੁਜ਼ਗਾਰ ਦੀ ਭਾਲ ਵਿੱਚ ਹਰ ਦਿਨ ਹੀ ਵੱਡੀ ਗਿਣਤੀ ‘ਚ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਜਾ ਰਹੇ ਹਨ। ਇਸ ਦਰਮਿਆਨ ਉਹ ਵਿਦੇਸ਼ੀ ਧਰਤੀ ‘ਤੇ ਕਈ ਵਾਰ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਜਿਸ ਦੇ ਚਲਦਿਆਂ ਤਾਜ਼ਾ ਮਾਮਲਾ ਆਬੂਧਾਬੀ ‘ਚ 100 ਦੇ ਕਰੀਬ ਨੌਜਵਾਨ ਫਸੇ ਹੋਏ ਹਨ। ਇਸ ਮਸਲੇ ‘ਤੇ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਇੰਦਰਬੀਰ ਸਿੰਘ ਨਿੱਝਰ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ।
ਇੰਦਰਬੀਰ ਸਿੰਘ ਨਿੱਝਰ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਮੇਸ਼ਾ ਹੀ ਨੌਜਵਾਨੀ ਦੀ ਭਲਾਈ ਲਈ ਕਾਰਜ ਕੀਤੇ ਜਾਂਦੇ ਹਨ। ਜੇਕਰ ਗੱਲ ਵਿਦੇਸ਼ਾਂ ‘ਚ ਫਸੇ ਨੌਜਵਾਨਾਂ ਨੂੰ ਵਾਪਸ ਲਿਆਉਣ ਦੀ ਹੋਵੇ ਤਾਂ ਵੀ ਭਗਵੰਤ ਮਾਨ ਹਮੇਸ਼ਾ ਹੀ ਮੋਹਰੀ ਰਹਿੰਦੇ ਹਨ। ਜਿਸ ਦੇ ਚਲਦਿਆਂ ਹੁਣ ਵੀ ਸਰਕਾਰ ਦੇ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ।
ਇਸ ਦੇ ਨਾਲ ਹੀ ਨਿੱਝਰ ਵੱਲੋਂ ਟੋਲ ਪਲਾਜੇ ਬੰਦ ਕੀਤੇ ਜਾਣ ‘ਤੇ ਵੀ ਪ੍ਰਤੀਕਿਰਿਆ ਦਿੱਤੀ ਗਈ। ਨਿੱਝਰ ਦਾ ਕਹਿਣਾ ਹੈ ਕਿ ਭਾਵੇਂ ਟੋਲ ਪਲਾਜੇ ਬੰਦ ਕਰਨ ਦਾ ਇਹ ਮਸਲਾ ਅਜੇ ਤੱਕ ਕੈਬਨਿਟ ਵਿੱਚ ਨਹੀਂ ਆਇਆ। ਪਰ ਇਹ ਉਨ੍ਹਾਂ ਦੀ ਨਿੱਜੀ ਰਾਇ ਹੈ ਕਿ ਜਿਹੜੇ ਟੋਲ ਪਲਾਜਿਆਂ ਦਾ ਸਮਾਂ ਖਤਮ ਹੋ ਚੁਕਿਆ ਹੈ ਉਨ੍ਹਾਂ ਨੂੰ ਬੰਦ ਕਰਨਾ ਚਾਹੀਦਾ ਹੈ।