ਚੰਡੀਗੜ੍ਹ: ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਵਿਰੋਧੀ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਨਾਲ ਹਰਾ ਦਿੱਤਾ। ਸੰਜੀਵ ਅਰੋੜਾ ਨੂੰ 35179 ਤੇ ਆਸ਼ੂ ਨੂੰ 24542 ਵੋਟਾਂ ਮਿਲੀਆਂ। 19 ਜੂਨ, 2025 ਨੂੰ ਹੋਈ ਵੋਟਿੰਗ ਦੌਰਾਨ 51.33% ਵੋਟਰਾਂ ਨੇ ਹਿੱਸਾ ਲਿਆ ਸੀ, ਅਤੇ 23 ਜੂਨ, 2025 ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਅਰੋੜਾ ਨੂੰ ਵਿਜੇਤਾ ਐਲਾਨਿਆ ਗਿਆ। ਇਹ ਸੀਟ AAP ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਮੌਤ ਕਾਰਨ ਖਾਲੀ ਹੋਈ ਸੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਜਿੱਤ ’ਤੇ X ’ਤੇ ਪੋਸਟ ਕਰਦਿਆਂ ਲਿਖਿਆ: “ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਵੱਡੀ ਲੀਡ ਨਾਲ ਮਿਲੀ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ…”
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਵੱਡੀ ਲੀਡ ਨਾਲ ਮਿਲੀ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ… pic.twitter.com/gxNfyTUPs7
— Bhagwant Mann (@BhagwantMann) June 23, 2025
ਸੰਜੀਵ ਅਰੋੜਾ, ਜੋ ਕਿ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਦੇ ਪ੍ਰਮੁੱਖ ਉਦਯੋਗਪਤੀ ਹਨ, ਨੇ ਚੋਣ ਪ੍ਰਚਾਰ ਦੌਰਾਨ ਆਪਣੇ ਸਮਾਜ ਭਲਾਈ ਦੇ ਕੰਮਾਂ ਅਤੇ ਵਿਕਾਸ ਦੇ ਵਾਅਦਿਆਂ ਨਾਲ ਵੋਟਰਾਂ ਨੂੰ ਪ੍ਰਭਾਵਿਤ ਕੀਤਾ। AAP ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅਰੋੜਾ ਦੇ ਹੱਕ ਵਿੱਚ ਤਕੜੀ ਮੁਹਿੰਮ ਚਲਾਈ, ਜਿਸ ਵਿੱਚ ਲੋਕ-ਪੱਖੀ ਨੀਤੀਆਂ ਅਤੇ ਪੰਜਾਬ ਵਿੱਚ ਪਾਰਟੀ ਦੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ।
ਚੋਣ ਵਿੱਚ ਅਰੋੜਾ ਦਾ ਮੁਕਾਬਲਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ, ਸ਼੍ਰੋਮਣੀ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ, ਅਤੇ ਭਾਜਪਾ ਦੇ ਜੀਵਨ ਗੁਪਤਾ ਨਾਲ ਸੀ। ਹਾਲਾਂਕਿ ਕਾਂਗਰਸ ਨੇ ਇਸ ਸੀਟ ’ਤੇ ਪਹਿਲਾਂ ਛੇ ਵਾਰ ਜਿੱਤ ਹਾਸਲ ਕੀਤੀ ਸੀ, ਪਰ AAP ਦੀ ਮੌਜੂਦਾ ਸਰਕਾਰੀ ਸੱਤਾ ਅਤੇ ਪ੍ਰਚਾਰ ਰਣਨੀਤੀ ਨੇ ਉਨ੍ਹਾਂ ਨੂੰ ਇਸ ਵਾਰ ਬਾਜ਼ੀ ਮਾਰਨ ਵਿੱਚ ਮਦਦ ਕੀਤੀ।
ਇਸ ਜਿੱਤ ਨੇ AAP ਦੀ ਸੂਬੇ ਵਿੱਚ ਸਿਆਸੀ ਸਥਿਤੀ ਨੂੰ ਹੋਰ ਮਜ਼ਬੂਤ ਕੀਤਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਵਰਕਰਾਂ ਦਾ ਮਨੋਬਲ ਵਧਾਇਆ ਹੈ। ਚਰਚਾਵਾਂ ਵੀ ਤੇਜ਼ ਹਨ ਕਿ ਅਰੋੜਾ ਦੀ ਜਿੱਤ ਨਾਲ ਉਨ੍ਹਾਂ ਦੀ ਰਾਜ ਸਭਾ ਸੀਟ ਖਾਲੀ ਹੋ ਸਕਦੀ ਹੈ, ਜਿਸ ਨੂੰ ਅਰਵਿੰਦ ਕੇਜਰੀਵਾਲ ਲਈ ਇੱਕ ਸੰਭਾਵੀ ਮੌਕੇ ਵਜੋਂ ਦੇਖਿਆ ਜਾ ਰਿਹਾ ਹੈ।