ਜਲੰਧਰ: ਬਹੁਜਨ ਸਮਾਜ ਪਾਰਟੀ (ਬਸਪਾ) ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਦੱਸੇ ਕਿ ਉਹ ਦਲਿਤਾਂ ਨਾਲ ਵਿਤਕਰਾ ਕਿਉਂ ਕਰ ਰਹੀ ਹੈ ਤੇ ਉਹਨਾਂ ਨੂੰ ਨੌਕਰੀਆਂ ਦੇਣ ਤੋਂ ਨਾਂਹ ਤੇ ਐਸ ਸੀ ਸਬ ਪਲਾਨ ਤਹਿਤ ਅਨੁਸੂਚਿਤ ਜਾਤੀਆਂ ਦੀ ਭਲਾਈ ਵਾਸਤੇ ਫੰਡ ਦੇਣ ਤੋਂ ਨਾਂਹ ਕਿਉਂ ਕਰ ਰਹੀ ਹੈ ਤੇ ਇਹ ਭਾਈਚਾਰੇ ਦੇ ਖਿਲਾਫ ਝੂਠੇ ਦੋਸ਼ ਲਗਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਿਉਂ ਕਰ ਰਹੀ ਹੈ।
ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਬਸਪਾ ਮੁਖੀ ਨੈ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਨੇ ਕੱਲ੍ਹ ਦਿਆਲਪੁਰਾ ਪਿੰਡ ਵਿਚ ਮੰਤਰੀ ਦੇ ਖਿਲਾਫ ਹੋਏ ਰੋਸ ਮੁਜ਼ਾਹਰੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਹੁਣ ਮਾਮਲੇ ਨੂੰ ਦੂਜੀ ਰੰਗਤ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਸਫਲ ਨਹੀਂ ਹੋਣਗੇ ਕਿਉਂਕਿ ਦਲਿਤ ਆਪ ਸਰਕਾਰ ਤੋਂ ਨਿਆਂ ਮੰਗ ਰਹੇ ਹਨ ਤੇ ਵਿਰੋਧੀ ਧਿਰ ਤੋਂ ਨਹੀਂ।
ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਆਪ ਨੇ ਆਪਣੇ ਦੋਸ਼ਾਂ ਵਿਚ ਜਾਤੀ ਆਧਾਰਿਤ ਰਾਖਵੇਂਕਰਨ ਦਾ ਵਿਰੋਧ ਕੀਤਾ ਹੈ। ਇਹ ਗੱਲ ਰਿਕਾਰਡ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਸਰਕਾਰ ਵੱਲੋਂ 178 ਲਾਅ ਅਫਸਰ ਨਿਯੁਕਤ ਕਰਨ ਵੇਲੇ ਐਸ ਸੀ ਉਮੀਦਵਾਰਾਂ ਨੂੰ ਰਾਖਵਾਂਕਰਨ ਨਾ ਦੇਣ ਦਾ ਬਸਪਾ ਵੱਲੋਂ ਵਿਰੋਧ ਕੀਤਾ ਗਿਆ ਹੈ ਕਿਉਂਕਿ ਸਰਕਾਰ ਨੇ ਹਾਈ ਕੋਰਟ ਵਿਚ ਲਿਖ ਕੇ ਦਿੱਤਾ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਉਮੀਦਵਾਰ ਅਯੋਗ ਪਾਏ ਗਏ ਹਨ।
ਗੜ੍ਹੀ ਨੇ ਕਿਹਾ ਕਿ ਆਪ ਸਰਕਾਰ ਐਸ ਸੀ ਸਬ ਪਲਾਨ ਦੇ ਮੁਕਾਬਲੇ ਅਨੁਸੂਚਿਤ ਜਾਤੀ ਵਰਗ ਨਾਲ ਵਿਤਕਰਾ ਕਰ ਰਹੀ ਹੈ। ਉਹਨਾਂ ਕਿਹਾ ਕਿ 2 ਲੱਖ ਕਰੋੜ ਰੁਪਏ ਦੇ ਬਜਟ ਵਿਚ ਐਸ ਸੀ ਭਾਈਚਾਰੇ ਦੀ ਭਲਾਈ ਵਾਸਤੇ ਸਿਰਫ 16000 ਕਰੋੜ ਰੁਪਏ ਰੱਖੇ ਗਏ ਹਨ ਜੋ ਬਜਟ ਦਾ 7 ਫੀਸਦੀ ਬਣਦੇ ਹਨ ਜਦੋਂ ਕਿ ਇਹ ਸੂਬੇ ਵਿਚ ਦਲਿਤਾਂ ਦੀ ਆਬਾਦ ਮੁਤਾਬਕ 40 ਫੀਸਦੀ ਹੋਣਾ ਚਾਹੀਦਾ ਸੀ।
ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਵਿੱਤ ਮੰਤਰੀ ਨੂੰ ਆਖਿਆ ਕਿ ਉਹ ਅਨੁਸੂਚਿਤ ਜਾਤੀਆਂ ਦੀ ਭਲਾਈ ਵਾਸਤੇ ਫੈਸਲੇ ਲੈਣ।। ਉਹਨਾਂ ਕਿਹਾ ਕਿ ਆਪ ਅਖੀਰਲੇ ਪਾਰਟੀ ਹੈ ਜੋ ਨੈਤਿਕਤਾ ਦੀ ਗੱਲ ਕਰਦੀ ਹੋਵੇ। ਉਹਨਾਂ ਕਿਹਾ ਕਿ ਇਸੇ ਪਾਰਟੀ ਨੇ ਆਪਣੇ ਹੱਕ ਮੰਗਣ ਵਾਲੀਆਂ ਮਹਿਲਾ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੇ ਇਕ ਟੀ ਵੀ ਪੱਤਰਕਾਰ ਨੂੰ ਸਿਰਫ ਇਸ ਕਰ ਕੇ ਜੇਲ੍ਹ ਭੇਜ ਦਿੱਤਾ ਕਿਉਂਕਿ ਉਸਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਵਿਚ 44 ਕਰੋੜ ਰੁਪਏ ਨਾਲ ਬਣਾਏ ਸ਼ੀਸ਼ ਮਹਿਲ ਨੂੰ ਬੇਨਕਾਬ ਕੀਤਾ।