ਬੇਰੁਜ਼ਗਾਰਾਂ, ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਹੱਕ ‘ਚ ‘ਆਪ’ ਵੱਲੋਂ ਵਿਧਾਨ ਸਭਾ ਮੂਹਰੇ ਰੋਸ ਪ੍ਰਦਰਸ਼ਨ

TeamGlobalPunjab
2 Min Read

ਧਰਨੇ ਚ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਤੇ ਹੋਰ ਵਿਧਾਇਕਾਂ ਤੇ ਆਗੂਆਂ ਨੇ ਲਿਆ ਹਿੱਸਾ

ਚੰਡੀਗੜ੍ਹ : ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ, ਸਰਕਾਰੀ ਪੈਨਸ਼ਨਰਾਂ ਅਤੇ ਕੱਚੇ-ਪੱਕੇ ਸਾਰੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਦੀ ਵਕਾਲਤ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਮੂਹਰੇ ਰੋਸ ਪ੍ਰਦਰਸ਼ਨ ਅਤੇ ਧਰਨਾ ਲਗਾਇਆ ਅਤੇ ਕੈਪਟਨ ਸਰਕਾਰ ਨੂੰ ਰੱਜ ਕੇ ਕੋਸਿਆ।
ਮੰਗਲਵਾਰ ਨੂੰ ਸਵੇਰੇ ਵਿਧਾਨ ਸਭਾ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕ ਨੇ ਹੱਥਾਂ ‘ਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਬੇਰੁਜ਼ਗਾਰਾਂ ਦੀਆਂ ਮੰਗਾਂ ਵਾਲੀਆਂ ਤਖ਼ਤੀਆਂ ਅਤੇ ਬੈਨਰ ਫੜ ਕੇ ਵਿਧਾਨ ਸਭਾ ਕੰਪਲੈਕਸ ਦੇ ਮੁੱਖ ਦਰਵਾਜ਼ੇ ਸਾਹਮਣੇ ਧਰਨੇ ‘ਤੇ ਬੈਠ ਗਏ।
‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਉਚੇਚੇ ਤੌਰ ‘ਤੇ ਇਸ ਧਰਨੇ ‘ਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਵਿਦਿਆਰਥੀਆਂ, ਬੇਰੁਜ਼ਗਾਰ ਨੌਜਵਾਨਾਂ, ਪੈਨਸ਼ਨਰਾਂ ਅਤੇ ਕੱਚੇ ਅਤੇ ਪੱਕੇ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਜਾਣ ਦੇ ਦੋਸ਼ ਲਗਾਏ। ਉਨ੍ਹਾਂ ਦਾਅਵਾ ਕੀਤਾ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਨੌਜਵਾਨਾਂ ਪੈਨਸ਼ਨਰਾਂ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰੇਗੀ।
ਹਰਪਾਲ ਸਿੰਘ ਚੀਮਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਪ੍ਰਿੰਸੀਪਲ ਬੁੱਧ ਰਾਮ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਮਾਸਟਰ ਬਲਦੇਵ ਸਿੰਘ, ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ ਅਤੇ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸਾਰੇ ਵਰਗਾਂ ਦੀ ਤਰਾਂ ਨੌਜਵਾਨਾਂ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਵੀ ਕੈਪਟਨ ਸਰਕਾਰ ਨੇ ਬੇਹੱਦ ਨਿਰਾਸ਼ ਕੀਤਾ ਹੈ। ਇਸ ਮੌਕੇ ‘ਆਪ’ ਵਿਧਾਇਕਾਂ ਨੇ ਸਰਕਾਰ ‘ਤੇ ਵਿਅੰਗ ਕਰਦਿਆਂ ਨੌਜਵਾਨਾਂ ਨੂੰ ਗੋਲ-ਗੱਪਿਆਂ ਅਤੇ ਪਕੌੜਿਆਂ ਦੀਆਂ ਰੇਹੜੀਆਂ ਤੇ ਕੱਪੜੇ ਦੀਆਂ ਦੁਕਾਨਾਂ ਲਈ ‘ਨੌਕਰੀਆਂ’ ਵੀ ਵੰਡੀਆਂ ਗਈਆਂ।

Share this Article
Leave a comment