ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਿਚ ਬਣੀ ਯੋਗੀ ਸਰਕਾਰ ਦਰਿੰਦਿਆਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਉੱਥੇ ਹੀ ਯੂ.ਪੀ ਪ੍ਰਸ਼ਾਸਨ ਅਤੇ ਪੁਲਿਸ ਮਨੁੱਖੀ ਅਧਿਕਾਰਾਂ ਦਾ ਹਨਨ ਕਰਦੀ ਹੋਈ ਪੀੜਤ ਪਰਿਵਾਰ ਦੇ ਸਮੂਹ ਮੈਂਬਰਾਂ ਨੂੰ ਡਰਾ-ਧਮਕਾ ਕੇ ਕਈ ਦਿਨਾਂ ਤੋਂ ਇੱਕ ਕਮਰੇ ਵਿਚ ਨਜ਼ਰਬੰਦ ਕਰਕੇ ਰੱਖਿਆ ਹੋਇਆ। ਜਿਸ ਤੋਂ ਸਪਸ਼ਟ ਹੈ ਕਿ ਯੋਗੀ ਸਰਕਾਰ ਕੋਲੋਂ ਹਾਥਰਸ਼ ਕਾਂਡ ਦੇ ਮਾਮਲੇ ਵਿਚ ਇਨਸਾਫ਼ ਦੀ ਬਿਲਕੁਲ ਵੀ ਉਮੀਦ ਨਹੀਂ ਕੀਤੀ ਜਾ ਸਕਦੀ। ਪ੍ਰੈੱਸ ਕਾਨਫ਼ਰੰਸ ਵਿਚ ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਵੀ ਹਾਜ਼ਰ ਸਨ।
ਪੰਜਾਬ ਦੀ ਰਾਜਧਾਨੀ ‘ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਬੜੇ ਅਫ਼ਸੋਸ ਨਾਲ ਕਿਹਾ, ” ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਧਰਮ ਪਤਨੀ ਮਿਲਾਨੀਆ ਟਰੰਪ ਦੀ ਜਿਵੇਂ ਹੀ ਕੋਰੋਨਾ ਪਾਜੀਟਿਵ ਹੋਣ ਦੀ ਖ਼ਬਰ ਆਉਂਦੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਰੰਤ ਟਵੀਟ ਕਰਕੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਹੋਣ ਦੀ ਕਾਮਨਾ ਕਰਦੇ ਹਨ, ਪਰੰਤੂ ਅਫ਼ਸੋਸ ਹਾਥਰਸ ਵਿਚ ਹੋਈ ਦਰਦਨਾਕ ਮਾਸੂਮ ਬੱਚੀ ਦੀ ਮੌਤ ‘ਤੇ ਮੋਦੀ ਜੀ ਨੇ ਇੱਕ ਵੀ ਸ਼ਬਦ ਨਹੀਂ ਕਿਹਾ, ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲਈ ਬਹੁਤ ਹੀ ਸ਼ਰਮਨਾਕ ਗੱਲ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਥਰਸ ਕਾਂਡ ਦੇ ਦੋਸ਼ੀ ਠਾਕੁਰ ਜਾਤੀ ਨਾਲ ਸੰਬੰਧਿਤ ਹਨ ਅਤੇ ਯੋਗੀ ਵੀ ਠਾਕੁਰ ਹੀ ਹਨ। ਇਸ ਲਈ ਯੋਗੀ ਆਪਣੇ ਜਾਤੀ ਦੇ ਲੋਕਾਂ ਨੂੰ ਬਚਾਉਣ ਲਈ ਖੁੱਲ੍ਹੇ ਆਮ ਠਾਕੁਰਵਾਦ ਦੀ ਨੀਤੀ ਅਪਣਾਉਂਦੇ ਹੋਏ ਪਿੰਡਾਂ ਵਿਚ ਠਾਕੁਰਾਂ ਦਾ ਮੀਟਿੰਗ ਕਰਵਾ ਕੇ ਦਲਿਤਾਂ ਨੂੰ ਸ਼ਰੇਆਮ ਧਮਕੀਆਂ ਦਿਵਾ ਰਹੇ ਹਨ, ਜੋ ਕਿ ਸਾਰਾ ਯੂ.ਪੀ ਚੰਗੀ ਤਰਾਂ ਜਾਣਦਾ ਹੈ। ਯੋਗੀ ਕਹਿ ਰਹੇ ਹਨ ਕਿ ਮਾਸੂਮ ਨਾਲ ਬਲਾਤਕਾਰ ਹੋਇਆ ਹੀ ਨਹੀਂ ਜਦਕਿ ਅਲੀਗੜ੍ਹ ਹਸਪਤਾਲ ਦੀ ਰਿਪੋਰਟ ‘ਚ ਸਪਸ਼ਟ ਹੈ ਮਾਸੂਮ ਬੱਚੀ ਨਾਲ ਬੜੀ ਬੇਰਹਿਮੀ ਨਾਲ ਗੈਂਗ ਰੇਪ ਹੋਇਆ ਹੈ। ਉੱਥੇ ਹੀ ਮਾਸੂਮ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਏ 14 ਲੋਕਾਂ ‘ਤੇ ਯੋਗੀ ਨੇ ਮਾਮਲੇ ਦਰਜ ਕਰਵਾ ਦਿੱਤੇ, ਜੋ ਕਿ ਬਹੁਤ ਹੀ ਨਿੰਦਣਯੋਗ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਯੋਗੀ ਸਰਕਾਰ ਯੂ.ਪੀ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਗ਼ਲਤ ਬਿਆਨਬਾਜ਼ੀ ਕਰਨ ‘ਤੇ ਉਤਰ ਆਈ ਹੈ। ਯੋਗੀ ਕਹਿ ਰਹੇ ਹਨ ਕਿ ਉਨ੍ਹਾਂ ਨੇ ਹਾਥਰਸ ਕਾਂਡ ਦਾ ਮਾਮਲਾ ਸੀ.ਬੀ.ਆਈ ਨੂੰ ਸੌਂਪ ਦਿੱਤਾ ਹੈ ਪਰੰਤੂ ਤਿੰਨ ਦਿਨ ਬੀਤ ਗਏ, ਅਜੇ ਤੱਕ ਸੀ.ਬੀ.ਆਈ ਨੂੰ ਮਾਮਲੇ ਸੌਂਪਣ ਦਾ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋਇਆ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯੋਗੀ ਸ਼ਰੇਆਮ ਝੂਠ ਬੋਲ ਰਹੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਗੱਠਜੋੜ ਤੋੜ ਦਿੱਤਾ ਹੈ, ਇਸ ਦੇ ਬਾਵਜੂਦ ਬਾਦਲਾਂ ਦੀ ਜੋੜੀ ਪੀੜਤ ਦੇ ਹੱਕ ‘ਚ ਇੱਕ ਵੀ ਸ਼ਬਦ ਬੋਲਣ ਲਈ ਤਿਆਰ ਨਹੀਂ ਹੈ। ਅਕਾਲੀ ਦਲ (ਬਾਦਲ) ਨੇ ਭਾਜਪਾ ਨਾਲ ਆਪਣਾ ਗੱਠਜੋੜ ਸਿਰਫ਼ ਸਿਆਸੀ ਲਾਹਾ ਅਤੇ ਵੋਟ ਬੈਂਕ ਲਈ ਹੀ ਤੋੜਿਆ ਹੈ, ਇਸ ਲਈ ਪੰਜਾਬ ਵਿਰੋਧੀ ‘ਬਾਦਲ ਜੋੜੀ’ ਇਸ ਮੁੱਦੇ ‘ਤੇ ਬਿਲਕੁਲ ਚੁੱਪ ਹੈ।
ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਯੋਗੀ ਜੀ ਨੇ ਆਪਣੇ ਕੁੱਝ ਸਰਕਾਰੀ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤੇ ਹਨ, ਜਦਕਿ ਇਹ ਅਫ਼ਸਰ ਯੋਗੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਹੀ ਕਰ ਰਹੀ ਸੀ। ਯੋਗੀ ਜੀ ਤੁਸੀਂ ਹੀ ਦੱਸੋ? ਹਾਥਰਸ ਦੀ ਮਾਸੂਮ ਬੱਚੀ ਦਾ ਸੰਸਕਾਰ ਰਾਤ ਦੇ ਹੀ ਸਮੇਂ ਕਿਉਂ ਕੀਤਾ ਗਿਆ? ਕੀ ਤੁਸੀਂ ਕਿਸੇ ਠਾਕੁਰ ਜਾਤੀ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨਾਲ ਅਜਿਹਾ ਹੋਣ ਦਿੰਦੇ? ਕੀ ਤੁਸੀਂ ਦਲਿਤਾਂ ਨੂੰ ਇਨਸਾਨ ਨਹੀਂ ਸਮਝਦੇ? ਜਿੰਨਾ ਸ਼ੋਸ਼ਣ ਯੋਗੀ ਸਰਕਾਰ ਦੇ ਰਾਜ ਵਿਚ ਹੋ ਰਿਹਾ ਹੈ, ਉਹਨਾਂ ਤਾਂ ਅੰਗਰੇਜ਼ਾਂ ਦੇ ਰਾਜ ਸਮੇਂ ਵੀ ਨਹੀਂ ਹੁੰਦਾ ਸੀ।
‘ਆਪ’ ਵਿਧਾਇਕਾਂ ਨੇ ਹਾਥਰਸ ਕਾਂਡ ਦੀ ਸੀਬੀਆਈ ਜਾਂਚ ਅਤੇ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਤੋਂ ਇਸ ਕੇਸ ਦੀ ਨਿਗਰਾਨੀ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਕੇਸ ਦਾ ਟਰਾਇਲ ਉੱਤਰ ਪ੍ਰਦੇਸ਼ ਦੀ ਸਟੇਟ ਤੋਂ ਬਾਹਰ ਤਿੰਨ ਮਹੀਨੇ ਵਿਚ ਪੂਰਾ ਕੀਤਾ ਜਾਵੇ।