ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਗਿਆ ਹੈ। ਕਈ ਵਿਧਾਇਕਾਂ ਦੇ ਕੋਰੋਨਾ ਸੰਕਮਿਤ ਹੋਣ ਕਾਰਨ ਵਿਧਾਨ ਸਭਾ ‘ਚ ਵਿਧਾਇਕਾਂ ਦੀ ਗਿਣਤੀ ਕਾਫ਼ੀ ਘੱਟ ਹੈ, ਸਦਨ ਵਿੱਚ 117 ਵਿਧਾਇਕਾਂ ‘ਚੋਂ 52 ਹੀ ਮੌਜੂਦ ਹਨ। ਆਮ ਆਦਮੀ ਪਾਰਟੀ ਦੇ ਤਿੰਨ ਵਿਧਾਇਕਾਂ ਨੂੰ ਹੀ ਵਿਧਾਨ ਸਭਾ ‘ਚ ਐਂਟਰੀ ਮਿਲੀ ਹੈ, ਜਦਕਿ ਅਕਾਲੀ ਦਲ ਦਾ ਕੋਈ ਵੀ ਵਿਧਾਇਕ ਵਿਧਾਨ ਸਭਾ ਵਿੱਚ ਮੌਜੂਦ ਨਹੀਂ ਹੈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਦੋ ਹੋਰ ਵਿਧਾਇਕ ਪੀਪੀਈ ਕਿੱਟਾਂ ਪਾ ਕੇ ਵਿਧਾਨ ਸਭਾ ਪਹੁੰਚੇ ਪਰ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਦਾਖਲ ਨਹੀਂ ਹੋਣ ਦਿੱਤਾ,ਜਿਸ ਤੋਂ ਨਾਰਾਜ਼ ਵਿਧਾਇਕ ਵਿਧਾਨ ਸਭਾ ਦੇ ਬਾਹਰ ਹੀ ਧਰਨੇ ‘ਤੇ ਬੈਠ ਗਏ। ਹਰਪਾਲ ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟਾਂ ਨੈਗੇਟਿਵ ਹੈ ਅਤੇ ਫੇਰ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਚੀਮਾ ਪਾਜ਼ਿਟਿਵ ਵਿਧਾਇਕ ਦੇ ਨਾਲ ਮੀਟਿੰਗ ਵਿੱਚ ਬੈਠੇ ਦਿਖਾਈ ਦਿੱਤੇ ਸੀ, ਜਿਸ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਵਿੱਚ ਦਾਖਲ ਨਹੀਂ ਹੋਣ ਦਿੱਤਾ।
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਪ ਵਿਧਾਇਕਾਂ ਨੂੰ ਸਦਨ ‘ਚ ਆਉਣੋਂ ਇਸ ਲਈ ਰੋਕਿਆ ਗਿਆ ਕਿ ਕੁੱਝ ਦੇ ਡਰਾਈਵਰ ਆਈਸੋਲੇਸ਼ਨ ਵਿੱਚ ਹਨ, ਤਾਂ ਸਰਬਜੀਤ ਕੌਰ ਮਾਣੁਕੇ ਦੇ ਪਤੀ ਨੇ ਕੋਰੋਨਾ ਟੈਸਟ ਨਹੀਂ ਕਰਵਾਇਆ। ਇਸ ਨੂੰ ਲੈ ਕੇ ਆਪ ਵਿਧਾਇਕਾਂ ਨੇ ਨਾਅਰੇਬਾਜ਼ੀ ਵੀ ਕੀਤੀ।