ਚੰਡੀਗੜ੍ਹ, 3 ਅਕਤੂਬਰ 2020: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਸਮੂਹ ਕਿਸਾਨ ਜੱਥੇਬੰਦੀਆਂ ਵੱਲੋਂ ਤਾਨਾਸ਼ਾਹ ਸਰਕਾਰਾਂ ਖਿਲਾਫ ਲੜੀ ਜਾ ਰਹੀ ਲੜਾਈ ਵਿਚ ਜਿੱਤ ਹਾਸਿਲ ਕਰਵਾਉਣ ਲਈ ‘ਆਪ’ ਦਾ ਆਉਣ ਵਾਲੇ ਸਮੇਂ ਵਿਚ ਪੰਜਾਬ ਭਰ ‘ਚ ਉਲੀਕੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ‘ਆਪ’ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸਮੂਹ ਵਲੰਟੀਅਰਾਂ ਅਤੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਵਿਸ਼ਾਲ ਰੈਲੀਆਂ ਦਾ ਆਯੋਜਨ ਕਰਨ ਜਾ ਰਹੀ ਹੈ। ਉਥੇ ਹੀ ਪੰਜਾਬ ਭਰ ਦੇ ਪਿੰਡਾਂ ਦੀ ਗ੍ਰਾਮ ਸਭਾ ਵਿਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅਤੇ ਦੇਸ਼ ਦੇ ਅੰਨਦਾਤਾ ਨੂੰ ਬਚਾਉਣ ਲਈ ਸਰਬਸੰਮਤੀ ਨਾਲ ਮਤੇ ਪਾਸ ਕੀਤਾ ਜਾਣਗੇ।
ਹਰਚੰਦ ਸਿੰਘ ਬਰਸਟ ਨੇ ਪਾਰਟੀ ਵੱਲੋਂ ਉਲੀਕੇ ਗਏ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਦੇ ਹੱਕਾਂ ਵਿਚ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਅਕਤੂਬਰ ਨੂੰ ਤਰਨਤਾਰਨ, 6 ਅਕਤੂਬਰ ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਛਾਜਲੀ, 9 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਪਿੰਡ ਝਿੰਗੜਾ ਕਲਾਂ, 10 ਅਕਤੂਬਰ ਨੂੰ ਦੋਆਬਾ ਦੇ ਪਿੰਡਾਂ ਵਿਚ ਅਤੇ 11 ਅਕਤੂਬਰ ਨੂੰ ਜ਼ਿਲ੍ਹਾ ਮੁਕਤਸਰ ਵਿਖੇ ਵਿਸ਼ਾਲ ਰੈਲੀਆਂ ਕਰਨ ਉਪਰੰਤ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਵਿਚ ਪੰਚਾਂ-ਸਰਪੰਚਾਂ ਅਤੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਕਿਸਾਨ ਵਿਰੋਧੀ ਤਿੰਨੋਂ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਜਾਣਗੇ।
ਸੂਬਾ ਜਨਰਲ ਸਕੱਤਰ ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਲੜਾਈ ਲੜਨ ਲਈ ਤਿਆਰ ਹੈ ਅਤੇ ਜਦੋਂ ਤੱਕ ਖੇਤੀ ਵਿਰੋਧੀ ਬਿਲ ਵਾਪਸ ਨਹੀਂ ਹੁੰਦਾ ਉਦੋਂ ਤੱਕ ਕਿਸਾਨਾਂ ਦੇ ਹਰ ਸੰਘਰਸ਼ ਦਾ ‘ਆਪ’ ਡਟ ਕੇ ਸਮਰਥਨ ਕਰਦੀ ਰਹੇਗੀ।