ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ): ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 4 ਨਵੰਬਰ ਨੂੰ ਜੋ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਉਸ ਦਾ ਹਿੱਸਾ ਆਮ ਆਦਮੀ ਪਾਰਟੀ ਨਹੀਂ ਬਣੇਗੀ।
ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਜੋ ਤਿੰਨ ਖੇਤੀ ਬਿਲ ਪਾਸ ਕੀਤੇ ਗਏ ਹਨ ਉਨ੍ਹਾਂ ਉੱਤੇ ਅਜੇ ਤਕ ਪੰਜਾਬ ਦੇ ਰਾਜਪਾਲ ਨੇ ਦਸਤਖਤ ਨਹੀਂ ਕੀਤੇ। ਫਿਰ ਰਾਸ਼ਟਰਪਤੀ ਕੋਲ ਜਾ ਕੇ ਬਿਲਾਂ ਉੱਤੇ ਦਸਤਖ਼ਤ ਕਰਨ ਦੀ ਅਪੀਲ ਕਰਨਾ ਨਿਰਾ ਡਰਾਮਾ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿਰੀ ਡਰਾਮੇਬਾਜ਼ੀ ਕਰ ਰਹੇ ਹਨ ਕਿਉਂਕਿ ਉਹ ਨਾ ਤਾਂ ਖੇਤੀ ਬਿਲਾਂ ਅਤੇ ਨਾ ਹੀ ਕਿਸਾਨੀ ਮਸਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਨਾ ਹੀ ਖੇਤੀਬਾਡ਼ੀ ਮੰਤਰੀ ਅਤੇ ਨਾ ਹੀ ਰੇਲ ਮੰਤਰੀ ਨੂੰ ਮਿਲੇ ਹਨ। ਉਨ੍ਹਾਂ ਸਪਸ਼ਟ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀਆਂ ਸਾਰੀਆਂ ਫ਼ਸਲਾਂ ‘ਤੇ ਐੱਸਪੀ ਲਾਗੂ ਕੀਤੇ ਜਾਣ ਦੇ ਮਾਮਲੇ ਬਾਰੇ ਦੇਸ਼ ਦੇ ਖੇਤੀਬਾੜੀ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਮਿਲਣਗੇ ਤਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਉਸ ਵਫ਼ਦ ਦਾ ਹਿੱਸਾ ਬਣਨਗੇ।
ਹੁਣ ਤਾਂ ਕੇਵਲ ਮੁੱਖ ਮੰਤਰੀ ਖੇਤੀ ਬਿਲਾਂ ਦੇ ਬਹਾਨੇ ਕਿਸਾਨਾਂ ਦਾ ਆਗੂ ਬਣਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਦੀ ਟੇਕ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਉਤੇ ਹੈ। ਇਸੇ ਲਈ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਡਰਾਮੇਬਾਜ਼ੀ ਦਾ ਵਿਰੋਧ ਕਰੇਗੀ। ਵਿਧਾਨ ਸਭਾ ਵਿੱਚ ਬਿਲਾਂ ਦੇ ਹੱਕ ਵਿੱਚ ਵੋਟ ਪਾੲੇ ਜਾਣ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਸਨ ਕਿ ਸਾਰਾ ਪੰਜਾਬ ਕਿਸਾਨਾਂ ਦੇ ਨਾਲ ਹੈ। ਪਰ ਜਦੋਂ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਖੇਤੀ ਬਿਲਾਂ ਨੇ ਬਾਰੀਕੀ ਨਾਲ ਪੜ੍ਹਿਆ ਤਾਂ ਇਹ ਬਿਲ ਬਿਲਕੁਲ ਥੋਥੇ ਨਜ਼ਰ ਆਏ । ਜਿਸ ਕਾਰਨ ਆਮ ਆਦਮੀ ਪਾਰਟੀ ਨੇ ਹੁਣ ਇਹ ਸਟੈਂਡ ਲਿਆ ਹੈ ਕਿ ਜੋ ਬਿਲ ਜਾਂ ਜੋ ਮਾਮਲੇ ਪੰਜਾਬ ‘ਚ ਐੱਮਐੱਸਪੀ ਲਾਗੂ ਕਰਨ ਲਈ ਹੋਣਗੇ ਉਨ੍ਹਾਂ ਦੀ ਹਮਾਇਤ ਕੀਤੀ ਜਾਵੇਗੀ।