ਆਮ ਆਦਮੀ ਪਾਰਟੀ ਨੇ ਅੰਦੋਲਨਕਾਰੀ ਕਿਸਾਨਾਂ ਲਈ ਸ਼ੁਰੂ ਕੀਤੀ ਮੁਫਤ ਵਾਈ-ਫਾਈ ਦੀ ਸਹੂਲਤ

TeamGlobalPunjab
4 Min Read

ਚੰਡੀਗੜ੍ਹ: ਕਾਲੇ ਕਾਨੂੰਨਾਂ ਖਲਿਾਫ ਪ੍ਰਦਰਸ਼ਨ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਨੂੰ ਆ ਰਹੀ ਇੰਟਰਨੈਟ ਦੀ ਸਮੱਸਿਆ ਦਾ ਹੱਲ ਕਰਨ ਲਈ ਹੁਣ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਬਾਰਡਰਾ ਉੱਤੇ ਵਾਈ-ਫਾਈ ਲਗਵਾਏ ਜਾਣਗੇ ਤਾਂ ਜੋ ਸੰਘਰਸ਼ ਵਿਰੁੱਧ ਪ੍ਰਚਾਰ ਕਰਨ ਵਾਲਿਆਂ ਦਾ ਮੂੰਹ ਤੋੜ ਜਵਾਬ ਦੇ ਸਕਣ। ਇਹ ਐਲਾਨ ਅੱਜ ਪਾਰਟੀ ਹੈੱਡਕੁਆਟਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ‘ਆਪ’ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਅਤੇ ਯੂਥ ਵਿੰਗ ਪੰਜਾਬ ਦੀ ਸਹਿ ਪ੍ਰਧਾਨ ਗਗਨ ਅਨਮੋਲ ਨੇ ਕੀਤਾ।

ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਦੇਸ਼ ਦੇ ਅੰਨਦਾਤਾ ਨੂੰ ਅੰਦੋਲਨ ਦੌਰਾਨ ਸਹੂਲਤਾਵਾਂ ਦੇਣ ਲਈ ਇਕ ਸੇਵਾਦਾਰ ਵਜੋਂ ਕੰਮ ਕੀਤਾ ਜਾ ਰਿਹਾ ਹੈ। ਹੁਣ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅੰਦੋਲਨ ਸਥਾਨ ‘ਤੇ ਵਾਈਫਾਈ ਹੋਟਸਪੋਟ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਆਪਣੇ ਘਰਾਂ ਤੋਂ ਸੈਂਕੜੇ ਕੋਹਾਂ ਦੂਰ ਬੈਠੇ ਕਿਸਾਨਾਂ ਨੂੰ ਆਪਣੇ ਪਰਿਵਾਰ ਨਾਲ ਗੱਲ ਕਰਨ ਵਿੱਚ ਮੁਸ਼ਕਲ ਆ ਰਹੀ ਸੀ, ਇਸ ਨੂੰ ਮੁੱਖ ਰੱਖਦੇ ਹੋਏ ਪਾਰਟੀ ਨੇ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਜਿੱਥੇ ਵੀ ਧਿਆਨ ਵਿੱਚ ਲਿਆਂਦਾ ਜਾਵੇਗਾ ਕਿ ਕਿੱਥੇ ਇਹ ਮੁਸਕਿਲ ਹੈ ਉਥੇ ਹੀ ਹੋਟਸਪੋਟ ਲਗਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਫਿਲਹਾਲ ਇਸਦੀ ਸ਼ੁਰੂਆਤ ਸਿੰਘੂ ਬਾਰਡਰ ਉੱਤੇ ਹੀ ਕੀਤੀ ਜਾਵੇਗੀ, ਜਿਵੇਂ-ਜਿਵੇਂ ਕਿਸਾਨਾਂ ਵੱਲੋਂ ਮੰਗ ਆਵੇਗੀ ਉਸ ਮੁਤਾਬਕ ਹਰ ਬਾਰਡਰ ਉੱਤੇ ਵੀ ਵਾਈਫਾਈ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਅੰਦੋਲਨ ‘ਚੋਂ ਆਪਣੇ ਪਰਿਵਾਰ ਨਾਲ ਵੀਡੀਓ ਕਾਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਮੋਦੀ ਸਰਕਾਰ ਦੇ ਮੰਤਰੀਆਂ ਵੱਲੋਂ ਕਿਸਾਨ ਅੰਦੋਲਨ ਦੇ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਨਾਲ ਕਿਸਾਨ ਸੋਸ਼ਲ ਮੀਡੀਆ ਰਾਹੀਂ ਭਾਜਪਾਈਆਂ ਦੇ ਕੂੜਪ੍ਰਚਾਰ ਦਾ ਜਵਾਬ ਵੀ ਦੇ ਸਕਣਗੇ।

ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਅੰਦੋਲਨ ਕਿੰਨਾਂ ਲੰਬਾ ਚਲੇਗਾ ਇਹ ਸਰਕਾਰ ਦੇ ਹੱਥ ਵਿੱਚ ਹੈ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਤਿੰਨੇ ਕਾਨੂੰਨ ਰੱਦ ਕਰ ਦਿੰਦੀ ਹੈ ਤਾਂ ਸਿਰਫ ਕੁਝ ਮਿੰਟਾਂ ਵਿੱਚ ਹੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਡਟਦੇ ਹੋਏ ਕਿੰਨਾਂ ਲੰਬਾ ਅੰਦੋਲਨ ਕਰਨਾ ਇਹ ਕਿਸਾਨਾਂ ਦਾ ਫੈਸਲਾ ਕਿਉਂਕਿ ਇਹ ਸਿਰਫ ਕਿਸਾਨਾਂ ਹੀ ਸੰਘਰਸ਼ ਹੈ ਨਾ ਕਿ ਕਿਸੇ ਰਾਜਨੀਤਿਕ ਪਾਰਟੀ ਦਾ।

ਗਗਨ ਅਨਮੋਲ ਮਾਨ ਨੇ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕਿਸਾਨਾਂ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ‘ਆਪ’ ਅੰਨਦਾਤੇ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਸਥਾਨ ਉੱਤੇ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਈ ਵਾਰ ਇਕ ਸੇਵਾਦਾਰ ਵਜੋਂ ਗਏ ਹਨ, ਜਦੋਂ ਕਿ ਵਿਧਾਇਕ ਅਤੇ ਵਲੰਟੀਅਰ ਸੇਵਕ ਬਣਕੇ ਲਗਾਤਾਰ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਅੰਨਦਾਤਾ ਲਈ ਇਕ ‘ਸੇਵਾਦਾਰ’ ਵਜੋਂ ਕੰਮ ਕਰ ਰਹੀ ਹੈ ਜੇਕਰ ਦੂਜੀਆਂ ਕਿਸਾਨ ਵਿਰੋਧੀ ਪਾਰਟੀਆਂ ਭਾਜਪਾ, ਅਕਾਲੀ ਤੇ ਕਾਂਗਰਸੀਆਂ ਨੂੰ ਇਹ ਰਾਜਨੀਤੀ ਲੱਗਦੀ ਹੈ ਤਾਂ ਅਜਿਹੀ ਸੇਵਾ ਵਾਲੀ ਰਾਜਨੀਤੀ ਅਸੀਂ ਹਮੇਸ਼ਾਂ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ‘ਆਪ’ ਕਾਂਗਰਸ ਤੇ ਬਾਦਲ ਦਲ ਦਾ ਪਰਦਾਫਾਸ ਕਰਦੀ ਆ ਰਹੀ ਹੈ ਕਿ ਕਿਵੇਂ ਮੋਦੀ ਸਰਕਾਰ ਸਾਹਮਣੇ ਨਿੱਜੀ ਹਿੱਤਾਂ ਵਾਸਤੇ ਗੋਡੇ ਟੇਕਦੇ ਹੋਏ ਕਿਸਾਨ ਵਿਰੁੱਧ ਲਿਆਂਦੇ ਕਾਲੇ ਕਾਨੂੰਨਾਂ ਦੇ ਹੱਕ ‘ਚ ਭੁਗਤੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੰਸਦ ਤੋਂ ਲੈ ਕੇ ਹਰ ਫਰੰਟ ਉੱਤੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰੇਗੀ।

Share This Article
Leave a Comment