ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਕਰੀਬੀ ਹਨ ਸ਼ਰਾਬ ਸਮਗਲਰ : ‘ਆਪ’
ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ : ਬਾਦਲ ਪਿੰਡ ਵਿੱਚੋਂ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ‘ਚ ਕੈਪਟਨ ਸਰਕਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ (ਆਪ) ਵੱਲੋਂ ਲੰਬੀ ਥਾਣੇ ਦਾ ਘਿਰਾਓ ਕੀਤਾ ਗਿਆ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ‘ਆਪ’ ਦੇ ਮੈਂਬਰਾਂ ਨੇ ਵਿਧਾਇਕਾਂ ਦੀ ਅਗਵਾਈ ਵਿਚ ਦਿੱਲੀ-ਮਲੋਟ ਹਾਈਵੇਅ ਨੂੰ ਜਾਮ ਕਰ ਦਿੱਤਾ। ਆਪ ਦੇ ਆਗੂਆਂ ਨੇ ਕੈਪਟਨ ਸਰਕਾਰ ਅਤੇ ਸ਼ਰਾਬ ਮਾਫ਼ੀਆ ਵਿਰੁੱਧ ਜੰਮ ਨੇ ਨਾਅਰੇਬਾਜ਼ੀ ਕੀਤੀ ਅਤੇ ਨਜਾਇਜ਼ ਸ਼ਰਾਬ ਫੈਕਟਰੀ ਦੇ ਪ੍ਰਬੰਧਕਾਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
‘ਆਪ’ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਬਾਦਲ ਦੇ ਆਗੂ ਰਲਮਿਲ ਕੇ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਿੰਡ ਬਾਦਲ ਵਿਚੋਂ ਨਜਾਇਜ਼ ਸ਼ਰਾਬ ਦੀ ਫੈਕਟਰੀ ਫੜ੍ਹੇ ਜਾਣ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ‘ਕੈਪਟਨ ਬਾਦਲ ਦੀ ਯਾਰੀ, ਪੰਜਾਬ ‘ਤੇ ਭਾਰੀ ਪੈ ਗਈ ਹੈ। ਕੈਪਟਨ ਸਰਕਾਰ ਵੇਲੇ ਵੱਡੀ ਗਿਣਤੀ ‘ਚ ਪੰਜਾਬ ਦੇ ਲੋਕ ਨਕਲੀ ਸ਼ਰਾਬ ਪੀ ਕੇ ਮਰ ਗਏ ਹਨ, ਪਰ ਸ਼ਰਾਬ ਮਾਫ਼ਆ ਖ਼ਿਲਾਫ਼ ਸਰਕਾਰ ਵੱਲੋਂ ਕੋਈ ਕਾਵਰਾਈ ਨਹੀਂ ਕੀਤੀ ਗਈ।’
‘ਆਪ’ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਤਰਨਤਾਰਨ, ਰਾਜਪੁਰਾ, ਘਨੌਰ ਅਤੇ ਹੋਰ ਥਾਵਾਂ ‘ਤੇ ਫੜੀਆਂ ਨਕਲੀ ਸ਼ਰਾਬ ਫੈਕਟਰੀਆਂ ਦੇ ਦੋਸ਼ੀਆ ਖ਼ਿਲਾਫ਼ ਕਾਵਰਾਈ ਕੀਤੀ ਹੁੰਦੀ ਤਾਂ ਅੱਜ ਸ਼ਰਾਬ ਮਾਫ਼ੀਆ ਦੇ ਹੌਸਲੇ ਬੁਲੰਦ ਨਾ ਹੁੰਦੇ। ਉਨ੍ਹਾਂ ਕਿਹਾ ਕਿ ਰਾਜਪੁਰਾ ਅਤੇ ਬਾਦਲ ਇਲਾਕੇ ਦੇ ਲੋਕਾਂ ਨੂੰ ਪਤਾ ਹੈ ਕਿ ਕਿਹੜਾ ਆਗੂ ਜਾਂ ਵਿਧਾਇਕ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਚਲਾ ਰਿਹਾ ਹੈ। ਬਾਦਲ ਪਿੰਡ ਦੀ ਸ਼ਰਾਬ ਫੈਕਟਰੀ ਚਲਾਉਣ ਵਾਲਾ ਬੰਦਾ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਤਾਂ ਨਹੀਂ। ਮੀਤ ਹੇਅਰ ਨੇ ਕਿਹਾ ਕਿ 2017 ‘ਚ ਛਪੀ ਖ਼ਬਰ ਤੋਂ ਪਤਾ ਚੱਲਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਿੰਡ ਵਾਲੀ ਨਕਲੀ ਸ਼ਰਾਬ ਫੈਕਟਰੀ ਵਾਲੀ ਜ਼ਮੀਨ ਦੇ ਮਾਲਕ ਦੱਸੇ ਜਾਂਦੇ ਵਿਅਕਤੀ ਖ਼ਿਲਾਫ਼ ਇੱਕ ਵਿਜੀਲੈਂਸ ਜਾਂਚ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਇਹ ਜਾਂਚ ਅੱਜ ਤੱਕ ਪੂਰੀ ਨਹੀਂ ਹੋਈ।
‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਬਾਦਲ ਪਿੰਡ ਵਿੱਚੋਂ ਫੜ੍ਹੀ ਗਈ ਨਕਲੀ ਸ਼ਰਾਬ ਦੀ ਫੈਕਟਰੀ ਦੇ ਮਾਲਕ ਤੇ ਪ੍ਰਬੰਧਕ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਹਨ, ਕਿਉਂ ਜੋ ਫੈਕਟਰੀ ਫੜ੍ਹੇ ਜਾਣ ਨੂੰ ਇੱਕ ਮਹੀਨੇ ਦਾ ਸਮਾਂ ਗੁਜਰ ਜਾਣ ‘ਤੇ ਵੀ ਕੈਪਟਨ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਨਸ਼ੇ ਖ਼ਤਮ ਕਰਨ ਤੋਂ ਭੱਜ ਗਏ ਹਨ ਅਤੇ ਹੁਣ ਬਾਦਲ ਪਿੰਡ ਵਾਲੀ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਤੋਂ ਸਿੱਧ ਹੋ ਗਿਆ ਹੈ ਕਿ ਅਕਾਲੀ ਦਲ ਬਾਦਲ ਕਾਂਗਰਸ ਪਾਰਟੀ ਦੀ ‘ਬੀ’ ਟੀਮ ਹੈ।
‘ਆਪ’ ਅਗੂਆਂ ਨੇ ਸਵਾਲ ਕੀਤਾ ਕਿ ਨਕਲੀ ਸ਼ਰਾਬ ਫੈਕਟਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕੌਣ ਰੋਕਿਆ ਰਿਹਾ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਰਹੇ ਆਗੂਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਸ਼ਰਾਬ, ਚਿੱਟਾ ਅਤੇ ਹੋਰ ਨਸ਼ਿਆਂ ਦੀ ਦਲਦਲ ਵਿੱਚ ਡੇਗ ਦਿੱਤਾ ਹੈ।
ਆਪ ਆਗੂਆਂ ਨੇ ਐਸ.ਡੀ.ਐਮ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਪਿੰਡ ਬਾਦਲ ਵਾਲੀ ਨਕਲੀ ਸ਼ਰਾਬ ਫੈਕਟਰੀ ਦੀ ਜਾਂਚ ਕਰਵਾਈ ਜਾਵੇ ਅਤੇ ਜਿਸ ਬੰਦੇ ਦੇ ਨਾਂ ਫੈਕਟਰੀ ਵਾਲੀ ਜ਼ਮੀਨ ਹੈ ਅਤੇ ਫੈਕਟਰੀ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।