ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜਿਸ ਦੇ ਚੱਲਦਿਆਂ ਸਾਰੇ ਸੂਬਿਆਂ ਵੱਲੋਂ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਮੇਂ ਸਮੇਂ ‘ਤੇ ਜ਼ਰੂਰੀ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ‘ਚ ਹੀ ਹੁਣ ਤਾਮਿਲਨਾਡੂ ਸਰਕਾਰ ਨੇ ਸੂਬੇ ਦੇ ਸਾਰੇ ਸੈਲੂਨ ਅਤੇ ਬਿਊਟੀ ਪਾਰਲਰ ਦੀਆਂ ਦੁਕਾਨਾਂ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਆਪਣੇ ਗਾਹਕਾਂ ਦੇ ਵੇਰਵੇ ਲਈ ਇੱਕ ਰਜਿਸਟਰ ਤਿਆਰ ਕਰਨ ਜਿਸ ‘ਚ ਉਨ੍ਹਾਂ ਦੇ ਆਧਾਰ ਕਾਰਡ ਨੰਬਰ ਸਮੇਤ ਹੋਰ ਲੋੜੀਂਦੀ ਜਾਣਕਾਰੀ ਦਰਜ ਕੀਤੀ ਜਾਵੇ।
ਮਾਲ ਪ੍ਰਸ਼ਾਸਨ ਦੇ ਕਮਿਸ਼ਨਰ ਜੇ ਰਾਧਾਕ੍ਰਿਸ਼ਨਨ ਨੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਕ ਸਰਕੂਲਰ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੈਲੂਨ, ਬਿਊਟੀ ਪਾਰਲਰ ਅਤੇ ਸਪਾ ਵਿਚ ਗਾਹਕਾਂ ਦੇ ਨਾਮ, ਪਤਾ, ਮੋਬਾਈਲ ਨੰਬਰ ਅਤੇ ਆਧਾਰ ਕਾਰਡ ਦੇ ਵੇਰਵੇ ਦਰਜ ਕਰਨ ਲਈ ਇਕ ਰਜਿਸਟਰ ਰੱਖਣਾ ਲਾਜ਼ਮੀ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦਾ ਇਹ ਕਦਮ ਕੋਰੋਨਾ ਵਾਇਰਸ ਤੋਂ ਬਚਣ ਅਤੇ ਸੰਕਰਮਣ ਨੂੰ ਟਰੇਸ ਕਰਨ ਲਈ ਲਿਆ ਗਿਆ ਹੈ। ਸਰਕਾਰ ਅਨਸਾਰ ਜੇਕਰ ਕੋਈ ਅਜਿਹਾ ਨਹੀਂ ਕਰਦਾ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸੂਬਾ ਸਰਕਾਰ ਵੱਲੋਂ ਸੈਲੂਨ, ਬਿਊਟੀ ਪਾਰਲਰ ਅਤੇ ਸਪਾ ਲਈ ਹੋਰ ਵੀ ਕਈ ਸ਼ਰਤਾਂ ਰੱਖੀਆਂ ਗਈਆਂ ਹਨ। ਸਰਕਾਰ ਵੱਲੋਂ ਸੈਲੂਨ, ਬਿਊਟੀ ਪਾਰਲਰ ਅਤੇ ਸਪਾ ਦੀਆਂ ਦੁਕਾਨਾਂ ‘ਚ ਸਮਾਜਿਕ ਦੂਰੀ ਦੇ ਨਿਯਮ ਦਾ ਖਾਸ ਧਿਆਨ ਰੱਖਣ ਲਈ ਕਿਹਾ ਗਿਆ ਹੈ। ਸੈਲੂਨ ‘ਚ 50 ਫੀਸਦੀ ਸੀਟਾਂ ‘ਤੇ ਹੀ ਗਾਹਕਾਂ ਨੂੰ ਸੇਵਾ ਦਿੱਤੀ ਜਾਵੇਗੀ। ਇੱਕ ਗਾਹਕ ਦੇ ਲਈ ਉਪਯੋਗ ਕੀਤਾ ਗਿਆ ਬਲੇਡ ਦੂਸਰੇ ਗਾਹਕ ‘ਤੇ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ।
ਇਸ ਦੇ ਨਾਲ ਹੀ ਵਾਲ ਕੱਟਣ ਲੱਗਿਆ ਸਿਰਫ ਡਿਸਪੋਜ਼ਲ ਤੋਲੀਏ ਦਾ ਹੀ ਇਸਤੇਮਾਲ ਕੀਤਾ ਜਾਵੇ। ਵਾਲਾ ਸਟ੍ਰੇਟ ਮਸ਼ੀਨ, ਹੇਅਰ ਕਰਲਿੰਗ ਮਸ਼ੀਨ, ਸਪਾ ਸਟੋਨ ਅਤ ਹੀਟਰ, ਸਲਿਮਿੰਗ ਉਪਕਰਣ, ਫੇਸ ਐਂਡ ਹੇਅਰ ਸਟੀਮਰ, ਲੇਜ਼ਰ ਹੇਅਰ ਰੀਮੂਵਰ ਆਦਿ ਉਪਕਰਣਾਂ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਸੈਨੀਟਾਈਜ਼ਰ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ। ਸੈਲੂਨ ‘ਚ ਏਸੀ (ਏਅਰ ਕੰਡੀਸ਼ਨਰ) ਦਾ ਇਸਤੇਮਾਲ ਨਾ ਕੀਤਾ ਜਾਵੇ। ਸੈਲੂਨ, ਬਿਊਟੀ ਪਾਰਲਰ ਅਤੇ ਸਪਾ ‘ਚ ਕੰਮ ਕਰਨ ਵਾਲੇ ਕਾਮਿਆਂ ਨੂੰ ਆਪਣਾ ਕੰਮ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਨਾ ਹੋਵੇਗਾ ਅਤੇ ਇਸ ਦੇ ਨਾਲ ਹੀ ਮੂੰਹ ‘ਤੇ ਮਾਸਕ ਅਤੇ ਦਸਤਾਨੇ ਪਹਿਨਣਾ ਜ਼ਰੂਰੀ ਹੈ।