ਰੋਸ਼ਨੀਆਂ ਦਾ ਸੁਨੇਹਾ

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਦੀਵਾਲੀ ਰੋਸ਼ਨੀਆਂ ਅਤੇ ਖੁਸ਼ੀਆਂ ਦਾ ਤਿਓਹਾਰ ਹੈ। ਇਹ ਇੱਕ ਅਜਿਹਾ ਚਾਨਣ ਦਾ ਸੁਨੇਹਾ ਦੇਣ ਵਾਲਾ ਤਿਓਹਾਰ ਹੈ ਜਿਹੜਾ ਕਿ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਅਤੇ ਦੇਸ਼ ਵਾਸੀਆਂ ਲਈ ਮਾਨਵਤਾ ਵਿਚੋਂ ਹਨੇਰਾ ਦੂਰ ਕਰਨ ਦਾ ਸੁਨੇਹਾ ਲੈਕੇ ਆਉਂਦਾ ਹੈ। ਦੀਵਾਲੀ ਕੇਵਲ ਘਰਾਂ ਦੇ ਬਨੇਰਿਆਂ ‘ਤੇ ਹੀ ਰੋਸ਼ਨੀ ਨਹੀਂ ਬਿਖੇਰਦੀ ਸਗੋਂ ਮਨੁੱਖ ਦੇ ਚਿਹਰੇ ਤੇ ਵੀ ਰੌਣਕ ਬਿਖੇਰਦੀ ਹੈ। ਸਦੀਆਂ ਤੋਂ ਸਮਾਜ ਨੂੰ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਹਨੇਰਿਆਂ ਨੂੰ ਦੂਰ ਕਰਨ ਦਾ ਵੱਡਾ ਸੁਨੇਹਾ ਹੈ।ਸਮਾਜ ਲਈ ਰੋਸ਼ਨੀਆਂ ਬਿਖੇਰਨ ਦੇ ਸੁਨੇਹੇ ‘ਚ ਅਦਾਰਾ ‘ਗਲੋਬਲ ਪੰਜਾਬ’ ਟੀਵੀ ਦਾ ਵੀ ਆਪਣੀ ਸਮਰਥਾ ਮੁਤਾਬਿਕ ਯੋਗਦਾਨ ਪਾਉਣ ਦਾ ਨਿਰੰਤਰ ਉਪਰਾਲਾ ਹੈ।ਦੁਨੀਆਂ ਭਰ ‘ਚ ਅਦਾਰੇ ਨਾਲ ਜੁੜੇ ਦਰਸ਼ਕ ਆਪਣੇ ਆਪ ‘ਚ ਰੋਸ਼ਨੀਆਂ ਦੇ ਦੀਪ ਹਨ।ਜਦੋਂ ਲੋਅ ਤੋਂ ਲੋਅ ਜਗਦੀ ਹੈ ਤਾਂ ਆਲਾ ਦੁਆਲਾ ਰੁਸ਼ਨਾ ਉਠਦਾ ਹੈ।ਇਸ ਮੰਤਵ ਦੀ ਪੂਰਤੀ ਲਈ ਨਿਰਪੱਖ ਅਤੇ ਨਿਗੱਰ ਸੋਚ ਰਾਹ ਵਿਖਾਉਂਦੀ ਹੈ।ਇਹ ਸੋਚ ਮਾਨਵਤਾ ਦਾ ਭਲਾ ਤਾਂ ਲੋਚਦੀ ਹੀ ਹੈ ਪਰ ਨਾਲ ਹੀ ਸਾਨੂੰ ਇਸਦੀ ਪਹਿਰੇਦਾਰੀ ਦੇ ਸਮਰਥ ਵੀ ਬਣਾਉਂਦੀ ਹੈ।ਕਿਹਾ ਜਾਦਾਂ ਹੈ ਕਿ ਕਿਸੇ ਨੇ ਰੋਸ਼ਨੀ ਬਿਖੇਰ ਰਹੇ ਦੀਪਕ ਨੂੰ ਪੁੱਛਿਆ ਕਿ ਕੀ ਤੇਰੀ ਰੋਸ਼ਨੀ ਹਨੇਰਾ ਖਤਮ ਕਰ ਦੇਵੇਗੀ ਤਾਂ ਉਸਦਾ ਜਵਾਬ ਸੀ ਕਿ ਮੈਂ ਆਪਣਾ ਕੰਮ ਕਰ ਰਿਹਾ ਹਾਂ।ਠੀਕ ਇਸੇ ਤਰ੍ਹਾਂ ਬਹੁਪੱਖੀ ਚੁਣੌਤੀਆਂ ਦੇ ਬਾਵਜੂਦ ਅਦਾਰਾ ਪੰਜਾਬੀ ਸਭਿਆਚਾਰ ,ਪੰਜਾਬੀ ਜ਼ੁਬਾਨ ਅਤੇ ਵਿਰਾਸਤ ਦੀ ਪਹਿਰੇਦਾਰੀ ਲਈ ਨਿਰੰਤਰ ਯਤਨਸ਼ੀਲ ਹੈ।ਇਨ੍ਹਾਂ ਚੁਣੌਤੀਆਂ ‘ਚ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਲਈ ਸਾਡੀ ਪਹੁੰਚ ਬਜ਼ਾਰੂ ਨਹੀਂ ਸਗੋਂ ਉਸਾਰੂ ਹੈ।ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਅਸੀਂ ਨਾ ਤਾਂ ਕੋਈ ਸੌਦਾ ਵੇਚਦੇ ਹਾਂ ਅਤੇ ਨਾ ਹੀ ਸੌਦਾ ਕਰਦੇ ਹਾਂ ਸਗੋਂ ਸੱਚ ਦੀ ਸੋਚ ‘ਤੇ ਪਹਿਰਾ ਦਿੰਦੇ ਹਾਂ।ਇਹੋ ਸੋਚ ਅਤੇ ਧਾਰਨਾ ਸਾਡੀ ਪਹਿਚਾਨ ਹੈ।ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸੱਦੀਆਂ ਤੋਂ ਮਾਨਵਤਾ ਦਾ ਸੁਨੇਹਾ ਦੇਣ ਵਾਲੀ ਗੁਰੂਆਂ, ਪੀਰਾਂ ਦੀ ਇਹ ਧਰਤ ਹੀ ਸਾਡੀ ਪਹਿਚਾਨ ਹੈ।

ਬੇਸ਼ੱਕ ਦੀਵਾਲੀ ਦਾ ਤਿਓਹਾਰ ਦੇਸ਼ ‘ਚ ਕਈ ਰਸਮਾਂ ਅਤੇ ਰੀਤਾਂ ਨਾਲ ਮਨਾਇਆ ਜਾਦਾਂ ਹੈ ਪਰ ਰੋਸ਼ਨੀਆਂ ਦੀ ਲੜੀ ‘ਚ ਇਹ ਸਾਰੇ ਦੇਸ਼ ਨੂੰ ਇਕੋ ਮਾਲਾ ‘ਚ ਪਰੋਦਾਂ ਹੈ।ਬੰਦੀ ਛੋੜ ਦਿਵਸ ਦੀਵਾਲੀ ਲਈ ਸਾਡੇ ਵਾਸਤੇ ਮਾਨਵਤਾ ਦੀ ਰਾਖੀ ਲਈ ਅਤੇ ਸਮੇਂ ਦੇ ਹਾਕਮਾਂ ਵਲੋਂ ਕੀਤੇ ਜਾਂਦੇ ਜ਼ਬਰ ਦੇ ਟਾਕਰੇ ਲਈ ਇਕ ਨਿਵੇਕਲਾ ਸੁਨੇਹਾ ਲੈ ਕੇ ਆਉਂਦਾ ਹੈ।

ਕਿਸੇ ਵੀ ਮੁਲਕ ਦੀਆਂ ਸਮੇਂ ਮੁਤਾਬਿਕ ਆਪੋ ਆਪਣੀਆਂ ਮੁਸ਼ਕਿਲਾਂ ਹੁੰਦੀਆਂ ਹਨ ਅਤੇ ਉਨ੍ਹਾਂ ਮੁਸ਼ਕਿਲਾਂ ਦੇ ਹਲ ਲਈ ਕੌਮਾਂ ਜੂਝਕੇ ਹੀ ਅੱਗੇ ਵਧਦੀਆਂ ਹਨ।ਆਪਣੇ ਮੁਲਕ ਦੀ ਗੱਲ ਕੀਤੀ ਜਾਵੇ ਤਾਂ ਰਾਜਸੀ ਨੇਤਾਵਾਂ ਅਤੇ ਹਾਕਮਾਂ ਦੀਆਂ ਆਪੋ ਆਪਣੀਆਂ ਦਾਅਵੇਦਾਰੀਆਂ ਹੋ ਸਕਦੀਆਂ ਹਨ ਪਰ ਅਜੇ ਵੀ ਮੁਲਕ ਦੀ ਵੱਡੀ ਵਸੋਂ ਗੁਰਬਤ ਨਾਲ ਜੂਝ ਰਹੀ ਹੈ।ਨਫਰਤ ਦੀ ਅੱਗ ਸਾਡੇ ਸਮਾਜ ਦੇ ਪਿੰਡੇ ਨੂੰ ਲੂਹ ਰਹੀ ਹੈ।ਦੀਵਾਲੀ ਅਜਿਹੇ ਹਨੇਰਿਆਂ ਨੂੰ ਖਤਮ ਕਰਕੇ ਹਰ ਘਰਦੇ ਵਿਹੜੇ ‘ਚ ਰੋਸ਼ਨੀਆਂ ਬਿਖੇਰਨ ਦਾ ਸੁਨੇਹਾ ਲੈ ਕੇ ਆਉਂਦੀ ਹੈ । ਸਾਡਾ ਅਦਾਰਾ ਵੀ ਹਨੇਰਿਆਂ ਨੂੰ ਖ਼ਤਮ ਕਰਨ ਲਈ ਜੂਝ ਰਹੇ ਸਮਾਜ ਵਲੋਂ ਵੰਡੀ ਜਾ ਰਹੀ ਰੋਸ਼ਨੀ ਦੀ ਇੱਕ ਕਿਰਨ ਹੈ।ਅਸੀਂ ਕਦੇ ਵੀ ਮਾਨਵਤਾ ਵਲੋਂ ਦਰਸਾਏ ਰਾਹ ਤੋਂ ਨਾ ਭੱਟਕੇ ਹਾਂ ਅਤੇ ਨਾ ਹੀ ਥਿੜਕੇ ਹਾਂ।ਸਾਡਾ ਇਹ ਨਿਗੁਣਾ ਜਿਹਾ ਉਪਰਾਲਾ ਵੀ ਦੀਪਕ ਦੀ ਲੋਅ ਵਾਂਗ ਲੱਖਾਂ ਦਰਸ਼ਕਾਂ ਦੀ ਲੋਅ ਨਾਲ ਸਾਡੀ ਤਾਕਤ ਦਾ ਪ੍ਰਤੀਕ ਹੈ।

ਦੀਵਾਲੀ ਦੇ ਰੋਸ਼ਨੀਆਂ ਦੇ ਤਿਓਹਾਰ ਦੀ ਗੱਲ ਸੰਗਰੂਰ ਸਮੇਤ ਵੱਖ-ਵੱਖ ਥਾਵਾਂ ‘ਤੇ ਧਰਨੇ ਦੇ ਰਹੇ ਅਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਗੱਲ ਕੀਤੇ ਬਗੈਰ ਮੁਕੰਮਲ ਨਹੀਂ ਹੋ ਸਕਦੀ।ਜਦੋਂ ਪੂਰਾ ਦੇਸ਼ ਦੀਵਾਲੀ ਦਾ ਤਿਓਹਾਰ ਮਨਾ ਰਿਹਾ ਹੈ ਤਾਂ ਕਿਸਾਨਾਂ ਕੋਲੋਂ ਆਪਣੇ ਪਰਿਵਾਰਾਂ ‘ਚ ਬੈਠਕੇ ਦੀਵਾਲੀ ਮਨਾਉਣ ਦਾ ਹੱਕ ਕਿਸਨੇ ਖੋਹਿਆ ਹੈ।ਸਮੇਂ ਦੇ ਹੁਕਮਰਾਨਾ ਤੋਂ ਸਵਾਲ ਤਾਂ ਪੁੱਛਿਆ ਜਾਣਾ ਬਣਦਾ ਹੀ ਹੈ।

ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ, ਸ਼ੁਭਚਿੰਤਕਾਂ ਅਤੇ ਸਨੇਹੀਆਂ ਲਈ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ!

Share This Article
Leave a Comment