ਬਰਲਿਨ: ਜਰਮਨੀ ਦੇ ਸ਼ਹਿਰ ਹੈਮਬਰਗ ਦੇ ਇੱਕ ਹਸਪਤਾਲ ਵਿੱਚ ਸ਼ਨੀਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ, ਜਿਸ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਅਤੇ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਹ ਜਾਣਕਾਰੀ ਸਥਾਨਿਕ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਹੈ। ਇਹ ਘਟਨਾ ਮਰੀਨ ਕ੍ਰੈਂਕਨਹਾਊਸ ਹਸਪਤਾਲ ਵਿਖੇ ਵਾਪਰੀ ਹੈ।
ਅੱਗ ਗਰਾਊਂਡ ਫਲੋਰ ‘ਤੇ ਜੇਰੀਐਟ੍ਰਿਕ ਵਾਰਡ ਦੇ ਇੱਕ ਕਮਰੇ ਤੋਂ ਸ਼ੁਰੂ ਹੋਈ ਅਤੇ ਉੱਪਰਲੀਆਂ ਮੰਜ਼ਿਲਾਂ ਤੱਕ ਫੈਲ ਗਈ, ਜਿਸ ਨਾਲ ਚਾਰੇ ਮੰਜ਼ਿਲਾਂ ਸੰਘਣੇ ਧੂੰਏਂ ਨਾਲ ਭਰ ਗਈਆਂ। ਕਰਮਚਾਰੀਆਂ ਅਤੇ ਫਾਇਰ ਵਿਭਾਗ ਦੀ ਚੌਕਸੀ ਕਾਰਨ ਕਈ ਜਾਨਾਂ ਬਚਾਈਆਂ ਗਈਆਂ। ਇਸ ਘਟਨਾ ਵਿੱਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ, 16 ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ 36 ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਫਾਇਰ ਵਿਭਾਗ ਨੇ ਦੱਸਿਆ ਕਿ ਅੱਗ ‘ਤੇ ਲਗਭਗ 20 ਮਿੰਟਾਂ ਵਿੱਚ ਕਾਬੂ ਪਾ ਲਿਆ ਗਿਆ ਸੀ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦੇ ਹੋਰ ਹਿੱਸਿਆਂ ਅਤੇ ਨੇੜਲੇ ਮੈਡੀਕਲ ਸੈਂਟਰਾਂ ਵਿੱਚ ਲਿਜਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਰਮਨ ਨਿਊਜ਼ ਏਜੰਸੀ ਡੀਪੀਏ ਦੇ ਅਨੁਸਾਰ, ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਫੋਰੈਂਸਿਕ ਟੀਮ ਤਾਇਨਾਤ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।