ਅੰਮ੍ਰਿਤਸਰ : ਅੱਜਕਲ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਪੁਲਿਸ ਵਲੋਂ ਇਸਨੂੰ ਠੱਲ ਪਾਉਣਾ ਔਖਾ ਹੋ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਇਲਾਕੇ ਅਟਾਰੀ ਅੰਮ੍ਰਿਤਸਰ ਮਾਰਗ ਉਤੇ ਹੋਈ ਝਪਟਮਾਰੀ ਦੌਰਾਨ ਤੇਜ਼ ਰਫਤਾਰ ਆਟੋ ਵਿਚੋਂ ਸੈਲਾਨੀ ਕੁੜੀ ਦੀ ਡਿੱਗਣ ਕਾਰਨ ਸੱਟਾਂ ਲੱਗ ਗਈਆਂ। ਘਟਨਾ ਦੇ ਬਾਅਦ ਕੁੜੀ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਦੂਜੇ ਹਸਪਤਾਲ ‘ਚ ਸ਼ਿਫਟ ਕਰਦੇ ਸਮੇਂ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਆਟੋ ਉਤੇ ਸਵਾਰ ਹੋ ਕੇ ਪੁਲਿਸ ਥਾਣਾ ਘਰਿੰਡਾ ਨਜ਼ਦੀਕ ਪਿੰਡ ਢੋਡੀਵਿੰਡ ਉਤੇ ਸਥਿਤ ਪੁੱਲ ਕੋਲ ਪਹੁੰਚੀ ਤਾਂ ਲੁਟੇਰਿਆਂ ਵੱਲੋਂ ਝਪਟ ਮਾਰਨ ਕਾਰਨ ਡਿੱਗ ਪਈ। ਸਿਰ ‘ਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ । ਕੁੜੀ ਸਿੱਕਮ ਦੀ ਰਹਿਣ ਵਾਲੀ ਸੀ ਤੇ ਦਿੱਲੀ ਦੇ ਕਾਲਜ ਵਿਚ ਲਾਅ ਦੀ ਪੜ੍ਹਾਈ ਕਰ ਰਹੀ ਸੀ। ਉਹ ਆਪਣੇ ਸਹਿਪਾਠੀ ਨਾਲ ਅਟਾਰੀ ਸਰਹੱਦ ਉਤੇ ਝੰਡੇ ਦੀ ਰਸਮ ਦੇਖਣ ਆਈ ਸੀ।
ਪੁਲਿਸ ਥਾਣਾ ਘਰਿੰਡਾ ਨੇ ਮੁਲਜ਼ਮਾਂ ਖ਼ਿਲਾਫ ਪਰਚਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਸਵੇਰੇ ਪੋਸਟ ਮਾਰਟਮ ਕਰਨ ਉਪਰੰਤ ਮ੍ਰਿਤਕ ਦੇਹ ਪਰਿਵਾਰ ਹਵਾਲੇ ਕੀਤੀ ਜਾਵੇਗੀ।